ਫ਼ਰੀਦਕੋਟ, 7 ਅਪ੍ਰੈਲ (ਸਰਬਜੀਤ ਸਿੰਘ)ਪਿੰਡ ਪਿੱਪਲੀ ਨਜ਼ਦੀਕ ਮੱਝਾਂ ਦੇ ਇਕ ਵਪਾਰੀ ਪ੍ਰਵਾਸੀ ਦੇ ਸਿਰ ਵਿਚ ਸੱਟ ਮਾਰ ਕੇ ਕੈਂਟਰ ਚਾਲਕ ਕੋਲੋਂ 8 ਲੱਖ ਰੁਪਏ ਦਾ ਬੈਗ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਵਪਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕੈਂਟਰ ਚਾਲਕ ਨੂੰ ਗਿ੍ਫ਼ਤਾਰ ਕਰਨ ਲਈ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ | ਪ੍ਰਾਪਤ ਸੂਚਨਾ ਅਨੁਸਾਰ ਅਨੀਸ਼ ਅਹਿਮਦ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਮੱਝਾਂ ਖ਼ਰੀਦ ਵੇਚ ਦਾ ਕੰਮ ਕਰਦਾ ਹੈ ਅਤੇ 3 ਅਪ੍ਰੈਲ ਨੂੰ 15 ਮੱਝਾਂ ਅਲਟਰਾ ਕੈਂਟਰ 'ਤੇ ਲੋਡ ਕਰਕੇ ਮੰਡੀ ਬੱਸੀ ਪਠਾਣਾ ਨੂੰ ਲੈ ਕੇ ਗਿਆ ਅਤੇ ਕੈਂਟਰ ਨੂੰ ਸੁਖਵਿੰਦਰ ਸਿੰਘ ਉਰਫ਼ ਕਾਲਾ ਚਲਾ ਰਿਹਾ ਸੀ | ਬੱਸੀ ਪਠਾਣਾ ਵਿਚ ਕੈਂਟਰ ਖਾਲੀ ਕਰਕੇ ਮੱਝਾਂ ਦੇ ਪੈਸੇ 8,00,000/- ਰੁਪਏ ਲੈ ਕੇ ਵਾਪਸ ਫ਼ਰੀਦਕੋਟ ਆਪਣੇ ਘਰ ਭੋਲੂਵਾਲਾ ਰੋਡ ਨੂੰ ਆ ਰਿਹਾ ਸੀ ਅਤੇ ਪੈਸਿਆਂ ਵਾਲਾ ਬੈਗ ਉਸ ਪਾਸ ਹੀ ਸੀ | ਉਹ ਪੈਸਿਆਂ ਵਾਲਾ ਬੈਗ ਆਪਣੇ ਸਿਰ ਹੇਠ ਰੱਖ ਕੇ ਸੌ ਗਿਆ ਸੀ ਤਾਂ ਕੈਂਟਰ ਚਾਲਕ ਸੁਖਵਿੰਦਰ ਸਿੰਘ ਨੇ ਉਸ ਦੇ ਸਿਰ ਹੇਠੋਂ ਪੈਸਿਆ ਵਾਲਾ ਬੈਗ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਜਾਗ ਖੁੱਲ੍ਹ ਗਈ ਅਤੇ ਉਸ ਨੇ ਵੇਖਿਆ ਕਿ ਕੈਂਟਰ ਫ਼ਰੀਦਕੋਟ ਦੀ ਜਗ੍ਹਾ ਪਿੰਡ ਪਿੱਪਲੀ ਪਹੁੰਚ ਗਿਆ ਸੀ | ਉਸ ਨੇ ਕੈਂਟਰ ਚਾਲਕ ਨੂੰ ਪੁੱਛਿਆ ਕਿ ਗੱਡੀ ਪਿੰਡ ਪਿੱਪਲੀ ਕਿਉਂ ਲੈ ਆਇਆ ਹੈ ਤਾਂ ਕੈਂਟਰ ਚਾਲਕ ਨੇ ਗੱਡੀ ਸੜਕ ਦੇ ਪਾਸੇ ਲਾ ਕੇ ਉਸ ਦੇ ਸਿਰ ਵਿਚ ਕਥਿਤ ਤੌਰ 'ਤੇ ਪਾਨਾ ਮਾਰ ਕੇ ਉਸ ਦਾ ਪੈਸਿਆਂ ਵਾਲਾ ਬੈਗ ਖੋਹ ਕੇ ਗੱਡੀ ਮੌਕਾ 'ਤੇ ਛੱਡ ਕੇ ਭੱਜ ਗਿਆ | ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਵਪਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਕੈਂਟਰ ਚਾਲਕ ਖ਼ਿਲਾਫ਼ ਥਾਣਾ ਸਦਰ ਫ਼ਰੀਦਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕੈਂਟਰ ਚਾਲਕ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |