ਫ਼ਰੀਦਕੋਟ, 7 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਵਲੋਂ ਜ਼ਿਲ੍ਹੇ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਤੇ ਹਰ ਕਿਸਮ ਦੀ ਸ਼ੱਕੀ ਗਤੀਵਿਧੀ ਉੱਪਰ ਪੈਨੀ ਨਿਗਰਾਨੀ ਰੱਖਣ ਲਈ ਲਗਾਤਾਰ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਰਹੇ ਹਨ | ਇਸੇ ਸਿਲਸਿਲੇ ਅਧੀਨ ਅੱਜ ਫ਼ਰੀਦਕੋਟ ਪੁਲਿਸ ਵਲੋਂ ਰੇਲਵੇ ਸਟੇਸ਼ਨਾਂ 'ਤੇ ਐਂਟੀ-ਸਾਬੋਟੇਜ ਟੀਮਾਂ ਅਤੇ ਡੌਗ ਸਕਾਡ ਦੀ ਸਹਾਇਤਾ ਨਾਲ ਵਿਸ਼ੇਸ਼ ਜਾਂਚ ਓਪਰੇਸ਼ਨ ਚਲਾਇਆ ਗਿਆ | ਇਸ ਦੌਰਾਨ ਪੁਲਿਸ ਟੀਮਾਂ ਵਲੋਂ ਰੇਲਵੇ ਸਟੇਸ਼ਨਾਂ ਦੇ ਹਰ ਹਿੱਸੇ ਦੀ ਗਹਿਰਾਈ ਨਾਲ ਤਲਾਸ਼ੀ ਕੀਤੀ ਗਈ | ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਪੁੱਛਗਿੱਛ ਕੀਤੀ ਗਈ ਤੇ ਉਨ੍ਹਾਂ ਦੀ ਪਛਾਣ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ | ਇਸ ਕਾਰਵਾਈ ਦੌਰਾਨ ਜੀ.ਆਰ.ਪੀ ਪੁਲਿਸ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਯਾਤਰੀਆਂ ਦੇ ਸਮਾਨ ਦੀ ਵੀ ਜਾਂਚ ਕੀਤੀ ਗਈ | ਬਿਨ੍ਹਾਂ ਕਿਸੇ ਵਜ੍ਹਾ ਦੇ ਰੇਲਵੇ ਸਟੇਸ਼ਨ 'ਤੇ ਮੌਜੂਦ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਪਛਾਣ ਤੇ ਗਤੀਵਿਧੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ | ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਦੀਆਂ ਪਾਰਕਿੰਗਾਂ ਵਿਚ ਖੜ੍ਹੇ ਵਾਹਨਾਂ ਦੀ ਜਾਂਚ 'ਵਾਹਨ ਐਪ' ਰਾਹੀਂ ਕੀਤੀ ਗਈ, ਤਾਂ ਜੋ ਕਿਸੇ ਵੀ ਸ਼ੱਕੀ ਜਾਂ ਬਿਨ੍ਹਾਂ ਦਸਤਾਵੇਜ਼ ਵਾਲੇ ਵਾਹਨ ਦੀ ਤੁਰੰਤ ਪਛਾਣ ਹੋ ਸਕੇ | ਡਾ. ਪ੍ਰਗਿਆ ਜੈਨ ਐਸ.ਐਸ.ਪੀ ਨੇ ਦੱਸਿਆ ਕਿ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਫ਼ਰੀਦਕੋਟ ਪੁਲਿਸ ਦੀ ਸਭ ਤੋਂ ਪਹਿਲੀ ਪ੍ਰਥਮਿਕਤਾ ਹੈ | ਐਂਟੀ-ਸਾਬੋਟੇਜ ਤੇ ਡੌਗ ਸਕਾਡ ਟੀਮਾਂ ਦੀ ਮਦਦ ਨਾਲ ਵਿਸ਼ੇਸ਼ ਜਾਂਚ ਓਪਰੇਸ਼ਨ ਚਲਾਉਣ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਸ਼ਰਾਰਤੀ ਤੱਤ ਜਨਤਕ ਸੁਰੱਖਿਆ ਵਿਚ ਵਿਘਨ ਨਾ ਪਾ ਸਕੇ |