ਫ਼ਰੀਦਕੋਟ, 7 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵਲੋਂ ਕੁਝ ਤਕਨੀਕੀ ਖਾਮੀਆਂ ਕਰਕੇ ਨਰਸਿੰਗ ਸਟਾਫ਼ ਦਾ ਪੇਅ ਸਕੇਲ 4600 ਤੋਂ 2600 ਕਰ ਦਿੱਤਾ ਗਿਆ ਸੀ ਤੇ ਕਾਫ਼ੀ ਸਮਾਂ ਹੋਣ ਬਾਅਦ ਵੀ ਇਹ ਗ੍ਰੇਡ ਨਹੀਂ ਵਧਾਇਆ | ਜਿਸ ਦੇ ਵਿਰੋਧ ਵਿਚ ਅੰਮਿ੍ਤਸਰ ਅਤੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਹੜਤਾਲ ਜਾਰੀ ਹੈ | ਅੱਜ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਮੂਹ ਨਰਸਿੰਗ ਸਟਾਫ਼ ਵਲੋਂ ਵੀ ਪੰਜਾਬ ਸਰਕਾਰ ਖਿਲਾਫ਼ ਰੋਸ ਮਾਰਚ ਕੀਤਾ ਗਿਆ | ਰੋਸ ਮਾਰਚ ਮੈਡੀਕਲ ਹਸਪਤਾਲ ਤੋਂ ਸ਼ੁਰੂ ਕਰਕੇ ਸ਼ਹਿਰ ਵਿਚਦੀ ਹੁੰਦਾ ਹੋਇਆ ਵਾਪਸ ਮੈਡੀਕਲ ਕਾਲਜ ਵਿਖੇ ਸਮਾਪਤ ਹੋਇਆ | ਪ੍ਰਦਰਸ਼ਨਕਾਰੀ ਆਗੂ ਜਸਵੰਤ ਕੌਰ, ਕੀਰਤ ਸਿੰਘ, ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦਾ ਇਹ ਰੋਸ ਮਾਰਚ ਸਿਰਫ਼ 2 ਘੰਟੇ ਦਾ ਸੀ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਇਹ ਪ੍ਰਦਰਸ਼ਨ ਵੱਡੇ ਪੱਧਰ 'ਤੇ ਕੀਤਾ ਜਾਵੇਗਾ |