ਜੈਤੋ, 9 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਹਲਕਾ ਜੈਤੋ ਦੇ ਪਿੰਡ ਰਾਮੇਆਣਾ ਵਿਖੇ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀਆਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਸਰਕਾਰ ਵਲੋਂ ਲਗਭਗ 50 ਲੱਖ ਰੁਪਏ ਖਰਚ ਕਰਨ ਦੇ ਦਾਅਵਿਆਂ ਦੇ ਬਾਵਜੂਦ ਹਲਾਤ ਵਿਚ ਕੋਈ ਸੁਧਾਰ ਨਹੀਂ ਆਇਆ | ਜਿਸ ਨਾਲ ਲੋਕਾਂ ਵਿਚ ਗਹਿਰਾ ਰੋਸ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ | ਪਿੰਡ ਦੀਆਂ ਜ਼ਿਆਦਾਤਰ ਗਲੀਆਂ ਵਿਚ ਦੋ ਤੋਂ ਤਿੰਨ ਫੁੱਟ ਤੱਕ ਗੰਦਾ, ਕਾਲਾ ਅਤੇ ਬਦਬੂਦਾਰ ਪਾਣੀ ਖੜ੍ਹਾ ਹੈ, ਜੋ ਨਾ ਸਿਰਫ਼ ਆਵਾਜਾਈ ਵਿਚ ਵੱਡੀ ਰੁਕਾਵਟ ਬਣ ਰਿਹਾ ਹੈ, ਸਗੋਂ ਸਿਹਤ ਲਈ ਵੀ ਗੰਭੀਰ ਖ਼ਤਰਾ ਬਣ ਚੁੱਕਾ ਹੈ | ਘਰਾਂ ਦੇ ਦਰਵਾਜ਼ਿਆਂ ਅੱਗੇ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਲਈ ਵੱਖਰੀਆਂ ਜੁਗਤਾਂ ਲੱਭਣੀਆਂ ਪੈ ਰਹੀਆਂ ਹਨ | ਸਕੂਲ ਜਾਣ ਵਾਲੇ ਬੱਚਿਆਂ ਨੂੰ ਗੰਦੇ ਪਾਣੀ ਵਿਚੋਂ ਲੰਘਣਾ ਪੈਂਦਾ ਹੈ, ਜਦਕਿ ਬਜ਼ੁਰਗਾਂ ਅਤੇ ਮਰੀਜ਼ਾਂ ਲਈ ਘਰੋਂ ਬਾਹਰ ਨਿਕਲਣਾ ਲਗਭਗ ਅਸੰਭਵ ਹੋ ਗਿਆ ਹੈ | ਸਥਾਨਕ ਵਾਸੀ ਪੰਚ ਹਰਜੀਤ ਸਿੰਘ ਸੋਢੀ, ਚਮਕੌਰ ਸਿੰਘ ਵਾਂਦਰ, ਨਿਸ਼ਾਨ ਸਿੰਘ ਸੰਧੂ, ਗੁਰਮੀਤ ਸਿੰਘ ਸੰਧੂ, ਸੁਖਰਾਜ ਸਿੰਘ ਢਿੱਲੋਂ, ਜੱਸਾ ਸਿੰਘ ਗਿੱਲ, ਜਗਸੀਰ ਸਿੰਘ ਢਿੱਲੋਂ, ਭਿੰਦਰ ਸਿੰਘ ਢਿੱਲੋਂ, ਮੈਂਗਲ ਸਿੰਘ ਗਿੱਲ, ਬਿੰਦਰ ਸਿੰਘ ਗਿੱਲ ਆਦਿ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇਹ ਸਮੱਸਿਆ ਚੱਲ ਰਹੀ ਹੈ ਅਤੇ ਮੌਸਮੀ ਬਦਲਾਵਾਂ ਨਾਲ ਇਹ ਹੋਰ ਵੀ ਗੰਭੀਰ ਰੂਪ ਧਾਰ ਲੈਂਦੀ ਹੈ | ਗੰਦੇ ਪਾਣੀ ਕਾਰਨ ਮੱਛਰਾਂ ਨਾਲ ਡੇਂਗੂ, ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਗਿਆ ਹੈ | ਇਨ੍ਹਾਂ ਘਰਾਂ ਦੇ ਵਾਸੀਆਂ ਦਾ ਬਦਬੂਦਾਰ ਪਾਣੀ ਕਾਰਨ ਸਾਹ ਲੈਣ ਵਿਚ ਵੀ ਦਿੱਕਤ ਆ ਰਹੀ ਹੈ | ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਵੱਖ-ਵੱਖ ਸਮਿਆਂ 'ਤੇ ਕਰੀਬ 50 ਲੱਖ ਰੁਪਏ ਖਰਚੇ ਗਏ ਹਨ, ਪਰ ਵਿਭਾਗੀ ਅਣਗਹਿਲੀ, ਗਲਤ ਯੋਜਨਾਬੰਦੀ ਤੇ ਅਧੂਰੇ ਕੰਮਾਂ ਕਾਰਨ ਇਹ ਰਕਮ ਬੇਅਸਰ ਸਾਬਤ ਹੋਈ ਹੈ | ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਢੰਗ ਨਾਲ ਯੋਜਨਾ ਬਣਾਈ ਜਾਂਦੀ ਤਾਂ ਅੱਜ ਇਹ ਹਲਾਤ ਪੈਦਾ ਨਾ ਹੁੰਦੇ | ਇਸ ਮਾਮਲੇ 'ਚ ਪਿੰਡ ਦੇ ਸਰਪੰਚ ਜਸਇਕਬਾਲ ਉਰਫ਼ ਰਾਜਦੀਪ ਸਿੰਘ ਅÏਲਖ ਨੇ ਪੰਚਾਇਤ ਵਿਭਾਗ 'ਤੇ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਪਾਣੀ ਦੀ ਨਿਕਾਸੀ ਲਈ ਪਿੰਡ ਕੋਲ ਲਗਭਗ 20 ਏਕੜ ਸਾਂਝੀ ਜ਼ਮੀਨ ਮੌਜੂਦ ਹੈ, ਜਿੱਥੇ ਛੱਪੜ ਦਾ ਪਾਣੀ ਆਸਾਨੀ ਨਾਲ ਮੋੜਿਆ ਜਾ ਸਕਦਾ ਹੈ | ਉਨ੍ਹਾਂ ਨੇ ਦੱਸਿਆ ਕਿ ਇਸਦੇ ਬਾਵਜੂਦ ਵੀ ਵਿਭਾਗ ਵਲੋਂ ਕੋਈ ਢੁੱਕਵੀਂ ਯੋਜਨਾ ਨਹੀਂ ਬਣਾਈ ਗਈ ਤੇ ਸਰਕਾਰੀ ਫੰਡਾਂ ਦੀ ਸਹੀ ਵਰਤੋਂ ਨਹੀਂ ਕੀਤੀ ਗਈ | ਸਰਪੰਚ ਨੇ ਕਿਹਾ ਕਿ ਪੰਚਾਇਤ ਵਲੋਂ ਇਸ ਸਬੰਧੀ ਸਬੰਧਿਤ ਵਿਭਾਗ ਕੋਲ ਸ਼ਿਕਾਇਤ ਵੀ ਕੀਤੀ ਗਈ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਾ ਹੋਣ ਕਾਰਨ ਪਿੰਡ ਵਾਸੀਆਂ ਵਿਚ ਨਾਰਾਜ਼ਗੀ ਵਧਦੀ ਜਾ ਰਹੀ ਹੈ | ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਮੌਕੇ 'ਤੇ ਜਾਂਚ ਕਰਕੇ ਪਾਣੀ ਦੀ ਨਿਕਾਸੀ ਲਈ ਪੱਕੇ, ਟਿਕਾਊ ਅਤੇ ਵਿਗਿਆਨਕ ਹੱਲ ਲਾਗੂ ਕੀਤੇ ਜਾਣ | ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਜਲਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਪਿੰਡ ਦੇ ਸਾਬਕਾ ਸਰਪੰਚ ਸਿਕੰਦਰ ਸਿੰਘ ਗਿੱਲ ਨੇ ਪੰਚਾਇਤ, ਸੰਬੰਧਿਤ ਵਿਭਾਗ ਅਤੇ ਸਿਆਸੀ ਆਗੂਆਂ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਪੰਚਾਇਤ ਕੋਲ ਕਰੀਬ 20 ਏਕੜ ਸਰਕਾਰੀ ਜ਼ਮੀਨ ਮੌਜੂਦ ਹੋਣ ਦੇ ਬਾਵਜੂਦ ਵੀ ਮੀਂਹਾਂ ਦੇ ਦਿਨਾਂ 'ਚ ਛੱਪੜ ਦਾ ਗੰਦਾ ਪਾਣੀ ਉਨ੍ਹਾਂ ਦੀ ਨਿੱਜੀ ਜ਼ਮੀਨ ਵਿਚ ਛੱਡਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਕਾਰਨ ਉਨ੍ਹਾਂ ਦੀ ਫ਼ਸਲ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ | ਸਿਕੰਦਰ ਸਿੰਘ ਗਿੱਲ ਨੇ ਦੋਸ਼ ਲਗਾਇਆ ਕਿ ਪਿੰਡ ਦੇ ਕੁਝ ਸਿਆਸੀ ਆਗੂ ਪੱਖਪਾਤ ਕਰ ਰਹੇ ਹਨ, ਕਿਉਂਕਿ ਉਹ ਅਕਾਲੀ ਦਲ ਨਾਲ ਸਬੰਧਿਤ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜ਼ਮੀਨ ਭਾਵੇਂ ਠੇਕੇ 'ਤੇ ਦਿੱਤੀ ਹੋਈ ਹੈ, ਪਰ ਫਿਰ ਵੀ ਜਾਣ-ਬੁੱਝ ਕੇ ਨੁਕਸਾਨ ਪਹੁੰਚਾਇਆ ਜਾਂਦਾ ਹੈ | ਉਨ੍ਹਾਂ ਨੇ 2023 ਵਿਚ ਹੋਈ ਗੜੇਮਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਵੀ ਉਨ੍ਹਾਂ ਦੀ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਸੀ, ਪਰ ਠੇਕੇ 'ਤੇ ਜ਼ਮੀਨ ਲੈਣ ਵਾਲੇ ਕਿਸਾਨ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ | ਪਿਛਲੇ ਕੁਝ ਦਿਨਾਂ ਤੋਂ ਪਿੰਡ ਦੀਆਂ ਗਲੀਆਂ ਵਿਚ ਖੜ੍ਹੇ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ 'ਤੇ ਖਰਚ ਹੋਈ ਗ੍ਰਾਂਟਾਂ ਬਾਰੇ ਜਾਣਕਾਰੀ ਲੈਣ ਲਈ ਜਦੋਂ ਉਨ੍ਹਾਂ ਨੇ ਬੀ.ਡੀ.ਪੀ.ਓ. ਜੈਤੋ ਅਤੇ ਪੰਚਾਇਤ ਸਕੱਤਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ |