ਗਿੱਦੜਬਾਹਾ, 23 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਪੰਜਾਬ 'ਚ ਔਰਤਾਂ ਸੁਰੱਖਿਅਤ ਨਹੀਂ ਹਨ ਤੇ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰ ਰੋਜ਼ ਦਿਨ-ਦਿਹਾੜੇ ਲੁੱਟਾਂ-ਖੋਹਾਂ, ਫ਼ਿਰੌਤੀਆਂ ਦਾ ਸਿਲਸਿਲਾ ਚੱਲ ਰਿਹਾ ਹੈ, ਪਰ ਸਰਕਾਰ ਅਮਨ ਕਾਨੂੰਨ ਨੂੰ ਕਾਬੂ 'ਚ ਰੱਖਣ 'ਚ ਨਾਕਾਮ ਹੈ ਤੇ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ | ਪਿੰਡ ਫਤਿਹਪੁਰ ਮਨੀਆਂ 'ਚ ਆਂਗਣਵਾੜੀ ਹੈਲਪਰ ਰਮਨਦੀਪ ਕੌਰ ਆਪਣੇ ਸੈਂਟਰ ਦੀ ਸਫ਼ਾਈ ਕਰ ਰਹੀ ਸੀ ਤਾਂ ਉਸ ਨੂੰ ਚਿੱਟੇ ਦਿਨ ਕਤਲ ਕਰ ਦਿੱਤਾ ਗਿਆ ਹੈ | ਅੱਜ ਔਰਤਾਂ ਸੁਰੱਖਿਅਤ ਨਹੀਂ ਹਨ | ਦੁਖਦਾਈ ਪਹਿਲੂ ਇਹ ਹੈ ਕਿ ਜਿਸ ਹਲਕੇ 'ਚ ਇਸ ਲੜਕੀ ਦਾ ਕਤਲ ਹੋਇਆ ਹੈ, ਉਸ ਹਲਕੇ ਦੇ ਦੋ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਹਨ | ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਜੋ ਆਂਗਣਵਾੜੀ ਵਿਭਾਗ ਦੇ ਮੰਤਰੀ ਹਨ, ਉਨ੍ਹਾਂ ਵਲੋਂ ਕੋਈ ਬਿਆਨ ਤੱਕ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਹੁਣ ਕਿੱਕਲੀਆਂ ਸੁਣਾਉਣ ਦਾ ਸਮਾਂ ਨਹੀਂ ਹੈ, ਬਲਕਿ ਲਹੂ ਲੁਹਾਣ ਹੋ ਰਹੇ ਪੰਜਾਬ ਨੂੰ ਸੰਭਾਲਣ ਦਾ ਸਮਾਂ ਹੈ | ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਰਮਨਦੀਪ ਕੌਰ, ਲਖਵਿੰਦਰ ਕੌਰ ਅਤੇ ਉਰਮਿਲਾ ਦੇਵੀ ਹਾਜ਼ਰ ਸਨ |