ਫ਼ਰੀਦਕੋਟ, 23 ਅਪ੍ਰੈਲ (ਸਰਬਜੀਤ ਸਿੰਘ)-ਪਿੰਡ ਚੰਦਬਾਜਾ ਨਜ਼ਦੀਕ ਨੈਸ਼ਨਲ ਹਾਈਵੇਅ 'ਤੇ ਟਰਕੈਟਰ ਅਤੇ ਕੈਂਟਰ ਵਿਚਕਾਰ ਹੋਈ ਟੱਕਰ ਦੌਰਾਨ ਟਰੈਕਟਰ ਚਾਲਕ ਦੀ ਮੌਤ ਹੋਣ ਦੀ ਸੂਚਨਾ ਹੈ | ਪੁਲਿਸ ਵਲੋਂ ਕੈਂਟਰ ਚਲਾ ਰਹੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕੈਂਟਰ ਚਾਲਕ ਨੂੰ ਕਾਬੂ ਕਰ ਲਿਆ ਹੈ | ਪ੍ਰਾਪਤ ਸੂਚਨਾ ਅਨੁਸਾਰ ਸੰਜੇ ਲੋਧੀ ਵਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਗਿਆ ਹੈ ਕਿ ਉਸ ਦਾ ਵੱਡਾ ਭਰਾ ਜੈ ਹਿੰਦ ਜਿਸ ਦੀ ਉਮਰ 27 ਕੁ ਸਾਲ ਹੈ, ਓਬਰਾਏ ਕੰਸਟਰਕਸ਼ਨ ਕਾਰਪੋਰੇਸ਼ਨ ਕੰਪਨੀ ਵਿਚ ਬਤੌਰ ਡਰਾਈਵਰ ਪ੍ਰਾਈਵੇਟ ਨੌਕਰੀ ਕਰਦਾ ਸੀ ਤੇ ਉਹ ਕੰਪਨੀ ਦੀ ਇਕ ਮਸ਼ੀਨ ਟਰੈਕਟਰ ਨਾਲ ਲੈ ਕੇ ਜ਼ੀਰੇ ਨੂੰ ਜਾ ਰਿਹਾ ਸੀ ਤੇ ਉਹ ਟਰੈਕਟਰ 'ਤੇ ਆਪਣੇ ਭਰਾ ਦੇ ਨਾਲ ਹੀ ਜਾ ਰਿਹਾ ਸੀ | ਪਿੰਡ ਚੰਦਬਾਜਾ ਨਜ਼ਦੀਕ ਇਕ ਕੈਂਟਰ ਚਾਲਕ ਨੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਕੈਂਟਰ ਨੂੰ ਅਣਗਹਿਲੀ ਤੇ ਲਾਪਰਵਾਹੀ ਨਾਲ ਚਲਾਉਂਦੇ ਹੋਏ ਉਨ੍ਹਾਂ ਨੂੰ ਪਿੱਛੋਂ ਦੀ ਜ਼ੋਰ ਨਾਲ ਟੱਕਰ ਮਾਰੀ ਤੇ ਉਹ ਟਰੈਕਟਰ ਸਮੇਤ ਸੜਕ ਦੇ ਕਿਨਾਰੇ ਡਿੱਗ ਗਏ | ਇਸ ਘਟਨਾ ਦੌਰਾਨ ਉਸ ਦਾ ਭਰਾ ਜੈ ਹਿੰਦ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫ਼ਰੀਦਕੋਟ ਐਂਬੂਲੈਂਸ ਰਾਹੀਂ ਦਾਖ਼ਲਾ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਦੇ ਭਰਾ ਨੂੰ ਮਿ੍ਤਕ ਐਲਾਨ ਦਿੱਤਾ | ਸੂਚਨਾ ਮਿਲਦੇ ਹੀ ਹਰਦੇਵ ਸਿੰਘ ਇੰਚਾਰਜ ਪੁਲਿਸ ਚੌਂਕੀ ਪਿੰਡ ਕਲੇਰ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚੇ ਤੇ ਉਨ੍ਹਾਂ ਵਲੋਂ ਕਾਰਵਾਈ ਕਰਦੇ ਹੋਏ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕੀਤਾ ਤੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲਿਆ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੈਂਟਰ ਚਾਲਕ ਮੁਕੇਸ਼ ਕੁਮਾਰ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਸ ਖ਼ਿਲਾਫ਼ ਮਿ੍ਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਦਰ, ਫ਼ਰੀਦਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਮਾਰੇ ਗਏ ਟਰੈਕਟਰ ਚਾਲਕ ਜੈ ਹਿੰਦ ਦੀ ਲਾਸ਼ ਕਬਜ਼ੇ 'ਚ ਲੈ ਲਈ ਗਈ ਹੈ ਤੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ |