ਮਾਛੀਵਾੜਾ ਸਾਹਿਬ, 24 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਮੀਆਂ ਮੁਹੱਲਾ ਵਿਖੇ ਅੱਜ ਇੱਕ ਨੌਜਵਾਨ ਦੀ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ ਜਿਸ ਦੀ ਪਹਿਚਾਣ ਤੁਸ਼ਾਰ ਕੁਮਾਰ (24) ਵਜੋਂ ਹੋਈ ਹੈ | ਮਿ੍ਤਕ ਦੇ ਪਿਤਾ ਬਿੱਲੂ ਨੇ ਦੱਸਿਆ ਕਿ ਉਸ ਦਾ ਲੜਕਾ ਜੋ ਕਿ ਨਸ਼ਾ ਕਰਦਾ ਸੀ ਜਿਸ ਨੂੰ ਨਸ਼ਾ ਛੁਡਾਓ ਕੇਂਦਰ ਵਿਚ ਭਰਤੀ ਕਰਵਾ ਕੇ ਇਲਾਜ ਕਰਵਾਇਆ | ਕੱਲ੍ਹ ਸ਼ਾਮ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਤੁਸ਼ਾਰ ਨੂੰ ਬੇਸੁੱਧ ਹਾਲਤ ਵਿਚ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਸਮਰਾਲਾ ਹਸਪਤਾਲ ਭੇਜ ਦਿੱਤਾ ਗਿਆ | ਉੱਥੇ ਵੀ ਡਾਕਟਰਾਂ ਵਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਪਰ ਅਚਾਨਕ ਮੋਰਿੰਡੇ ਕੋਲ ਉਨ੍ਹਾਂ ਦੇਖਿਆ ਕਿ ਤੁਸ਼ਾਰ ਦੇ ਸਰੀਰ ਵਲੋਂ ਕੋਈ ਹਿਲਜੁਲ ਨਹੀਂ ਕੀਤੀ ਜਾ ਰਹੀ ਤਾਂ ਉਸ ਨੂੰ ਉੱਥੋਂ ਦੇ ਸਰਕਾਰੀ ਹਸਪਤਾਲ ਲੈ ਗਏ | ਮੋਰਿੰਡਾ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਤੁਸ਼ਾਰ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਅਤੇ ਇਸ ਸਬੰਧੀ ਮਾਛੀਵਾੜਾ ਪੁਲਿਸ ਨੂੰ ਸੂਚਿਤ ਕੀਤਾ ਗਿਆ | ਮਿ੍ਤਕ ਦੇ ਪਿਤਾ ਬਿੱਲੂ ਨੇ ਦੱਸਿਆ ਕਿ ਉਸ ਨੂੰ ਸ਼ੰਕਾ ਹੈ ਕਿ ਦੋਸਤਾਂ ਵਲੋਂ ਹੀ ਉਸ ਨੂੰ ਕੱਲ੍ਹ ਸ਼ਾਮ ਨਸ਼ਾ ਪਿਲਾਇਆ ਗਿਆ ਜਿਸ ਕਾਰਨ ਉਸ ਦੀ ਮੌਤ ਹੋਈ | ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਨੌਜਵਾਨ ਤੁਸ਼ਾਰ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋਈ ਹੈ ਪਰ ਮੌਤ ਦੇ ਅਸਲ ਕਾਰਨ ਬਾਰੇ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ | ਉਨ੍ਹਾਂ ਕਿਹਾ ਕਿ ਜੇਕਰ ਨਸ਼ੇ ਨਾਲ ਮੌਤ ਹੋਈ ਤਾਂ ਜਿਨ੍ਹਾਂ ਨੇ ਵੀ ਨਸ਼ਾ ਪਿਲਾਇਆ ਉਸ ਸਬੰਧੀ ਪਰਿਵਾਰ ਦੇ ਬਿਆਨ ਦਰਜ ਕਰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |