ਕੋਟਕਪੂਰਾ, 25 ਅਪ੍ਰੈਲ (ਮੋਹਰ ਸਿੰਘ ਗਿੱਲ)-ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਬਰਾੜ ਕੋਟਸੁਖੀਆ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਆਪਣੇ ਵਹੀਕਲਾਂ 'ਤੇ ਇਲਾਜ਼ ਲਈ ਆਉਣ ਵਾਲੇ ਮਰੀਜ਼ਾਂ ਜਾਂ ਉਨ੍ਹਾਂ ਦੇ ਵਾਰਸਾਂ ਨੂੰ ਪਾਰਕਿੰਗ ਠੇਕੇਦਾਰਾਂ ਦੇ ਕਰਿੰਦਿਆਂ ਵਲੋਂ ਪਰਚੀ ਫ਼ੀਸ ਦੇ ਨਾਮ 'ਤੇ ਜਾਣਬੁੱਝ ਕੇ 'ਠਿੱਠ' ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹਸਪਤਾਲ 'ਚ ਇਲਾਜ਼ ਲਈ ਆਉਣ ਵਾਲੇ ਕਈ ਮਰੀਜ਼ਾਂ ਦੀ ਹਾਲਤ ਹੀ ਅਜਿਹੀ ਨਹੀਂ ਹੁੰਦੀ ਕਿ ਉਨ੍ਹਾਂ ਨੂੰ ਹਸਪਤਾਲ ਦੀ ਇਮਾਰਤ ਦੇ ਬਾਹਰਵਾਰ ਦੂਰ ਉਤਾਰ ਕੇ ਫ਼ਿਰ ਵਾਰਸਾਂ ਵਲੋਂ ਅੰਦਰ ਲਿਜਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵਹੀਕਲ ਵਾਲਾ ਗੱਡੀ 'ਚੋਂ ਕੇਵਲ ਮਰੀਜ਼ ਨੂੰ ਉਤਾਰ ਕੇ ਵਾਪਸ ਆ ਜਾਂਦਾ ਹੈ, ਉਸ ਕੋਲੋਂ ਪਾਰਕਿੰਗ ਫ਼ੀਸ ਵਸੂਲਣੀ ਜਾਇਜ਼ ਨਹੀਂ ਹੈ | ਉਨ੍ਹਾਂ ਕਿਹਾ ਕਿ ਕਈ ਗ਼ਰੀਬ ਮਰੀਜ਼ ਦੇ ਵਾਰਸ ਆਪਣੇ ਮਰੀਜ਼ ਨੂੰ ਈ.ਰਿਕਸ਼ਾ ਜਾਂ ਕਿਸੇ ਹੋਰ ਕਿਰਾਏ ਦੇ ਸਸਤੇ ਸਾਧਨ ਦੁਆਰਾ ਇਲਾਜ਼ ਲਈ ਲੈ ਕੇ ਆਉਂਦੇ ਹਨ, ਉਨ੍ਹਾਂ ਕੋਲੋਂ ਪਾਰਕਿੰਗ ਫ਼ੀਸ ਵਸੂਲ ਕਰਨੀ ਜਾਂ ਫ਼ੀਸ ਦੇ ਨਾਮ 'ਤੇ ਪ੍ਰੇਸ਼ਾਨ ਬਿਲਕੁੱਲ ਜਾਇਜ਼ ਨਹੀਂ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਪਾਸੋਂ ਮੰਗ ਕੀਤੀ ਹੈ ਕਿ ਪਾਰਕਿੰਗ ਠੇਕੇਦਾਰਾਂ ਦੀ ਮਨਮਰਜ਼ੀ ਰੋਕੀ ਜਾਵੇ ਤਾਂ ਜੋ ਮਰੀਜ਼ ਅਤੇ ਉਨ੍ਹਾਂ ਦੇ ਵਾਰਸ ਪੇ੍ਰਸ਼ਾਨੀ ਤੋਂ ਬਚ ਸਕਣ |