ਸ੍ਰੀ ਮੁਕਤਸਰ ਸਾਹਿਬ, 27 ਅਪ੍ਰੈਲ (ਹਰਮਹਿੰਦਰ ਪਾਲ)-ਸਿਹਤ ਵਿਭਾਗ ਵਲੋਂ ਟੀਕਾਕਰਨ ਪ੍ਰੋਗਰਾਮ ਅਧੀਨ ਹਰ ਬੁੱਧਵਾਰ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ ਤੇ ਸਾਰੇ ਸਿਹਤ ਕੇਂਦਰਾਂ 'ਚ ਰੋਜ਼ਾਨਾ ਐੱਚ.ਪੀ.ਵੀ. ਵੈਕਸੀਨ ਲਗਾਈ ਜਾ ਰਹੀ ਹੈ | ਸਿਵਲ ਸਰਜਨ ਡਾ. ਸੁਨੀਲ ਬਾਂਸਲ ਵਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਰੁਟੀਨ ਟੀਕਾਕਰਨ ਤੇ ਐੱਚ.ਪੀ.ਵੀ. ਟੀਕਾਕਰਨ ਵਿਚ ਵਧੀਆ ਸੇਵਾਵਾਂ ਦੇਣ ਵਾਲੀਆਂ ਫੀਮੇਲ ਸਿਹਤ ਵਰਕਰਾਂ ਨੂੰ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਬਾਂਸਲ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ 'ਚ ਮਾਂ ਦੀ ਗਰਭ ਦੌਰਾਨ ਦੇਖਭਾਲ ਦੇ ਨਾਲ-ਨਾਲ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਜਣੇਪੇ ਕੀਤੇ ਜਾ ਰਹੇ ਹਨ ਤੇ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਜਨਮ ਤੋਂ ਹੀ ਮੁਫ਼ਤ ਟੀਕਾਕਰਨ ਸ਼ੁਰੂ ਕੀਤਾ ਜਾਂਦਾ ਹੈ ਤੇ 14 ਤੋਂ 15 ਸਾਲ ਦੀਆਂ ਸਾਰੀਆਂ ਲੜਕੀਆਂ ਨੂੰ ਮੁਫ਼ਤ ਐੱਚ.ਪੀ.ਵੀ. ਲਗਾਈ ਜਾ ਰਹੀ ਹੈ | ਇਸ ਮੌਕੇ ਡਾ. ਲਖਵੀਰ ਕੌਰ ਡੀ.ਆਈ.ਓ., ਡਾ. ਕੁਲਤਾਰ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਹਰਕੀਰਤਨ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ, ਸਰਬਜੀਤ ਸਿੰਘ ਕੋਲਡਚੇਨ ਅਫ਼ਸਰ, ਦੀਪਕ ਕੁਮਾਰ ਡੀ.ਪੀ.ਐੱਮ., ਸੁਰਿੰਦਰ ਸਿੰਘ, ਸੁਨੀਲ ਕੁਮਾਰ, ਪਵਿੱਤਰ ਸਿੰਘ ਐੱਮ.ਐੱਲ.ਟੀ. ਭਗਵਾਨ ਦਾਸ, ਲਾਲ ਚੰਦ, ਗੁਰਪ੍ਰੀਤ ਸਿੰਘ ਪੀ. ਏ. ਆਦਿ ਹਾਜ਼ਰ ਸੀ |