ਸ੍ਰੀ ਮੁਕਤਸਰ ਸਾਹਿਬ, 27 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-'ਯੁੱਧ ਨਸ਼ਿਆਂ ਵਿਰੁੱਧ' ਤਹਿਤ ਜ਼ਿਲ੍ਹਾ ਪੁਲਿਸ ਮੁਖੀ ਅਭਿਮਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹੇ 'ਚ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ | ਇਸੇ ਲੜੀ 'ਚ ਪਿੰਡ ਹਰੀਕੇ ਕਲ੍ਹਾਂ 'ਚ ਵੱਡੇ ਪੱਧਰ 'ਤੇ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ | ਇਸ ਸਰਚ ਅਭਿਆਨ ਦੌਰਾਨ ਬਚਨ ਸਿੰਘ ਡੀ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ, ਜੋਰਾ ਸਿੰਘ ਡੀ.ਐੱਸ.ਪੀ. ਹੈੱਡ ਕੁਆਰਟਰ, ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼, ਇੰਸਪੈਕਟਰ ਰਾਜਵੀਰ ਸਿੰਘ ਸਰਾਂ ਮੁੱਖ ਅਫ਼ਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਤੇ ਐੱਸ.ਆਈ. ਗੁਰਦੀਪ ਸਿੰਘ ਮੁੱਖ ਅਫ਼ਸਰ ਥਾਣਾ ਬਰੀਵਾਲਾ ਸਮੇਤ ਕੁੱਲ 85 ਪੁਲਿਸ ਅਧਿਕਾਰੀ ਤੇ ਕਰਮਚਾਰੀ ਮੌਕੇ 'ਤੇ ਮੌਜੂਦ ਰਹੇ | ਅਭਿਆਨ ਦੌਰਾਨ ਕਾਸੋ ਆਪ੍ਰੇਸ਼ਨ ਤਹਿਤ ਪਿੰਡ ਦੇ ਅੰਦਰੂਨੀ ਤੇ ਬਾਹਰੀ ਰਸਤਿਆਂ 'ਤੇ ਮਜ਼ਬੂਤ ਨਾਕੇਬੰਦੀ ਕਰਕੇ ਹਰ ਆਉਣ-ਜਾਣ ਵਾਲੇ ਵਾਹਨ ਤੇ ਸੰਦੇਹਜਨਕ ਵਿਅਕਤੀਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ, ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਪਹਿਲਾਂ ਮੁਕੱਦਮੇ ਦਰਜ ਹਨ, ਉਨ੍ਹਾਂ ਦੇ ਘਰਾਂ ਤੇ ਹੋਰ ਸੰਦੇਹਜਨਕ ਥਾਵਾਂ 'ਤੇ ਵੀ ਪੁਲਿਸ ਵਲੋਂ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ | ਇਸ ਦੇ ਨਾਲ-ਨਾਲ ਜਿਨ੍ਹਾਂ ਵਿਅਕਤੀਆਂ ਬਾਰੇ ਨਸ਼ਾ ਤਸਕਰੀ ਜਾਂ ਨਸ਼ਾ ਵੇਚਣ ਸੰਬੰਧੀ ਗੁਪਤ ਜਾਣਕਾਰੀ ਪ੍ਰਾਪਤ ਹੋਈ ਸੀ, ਉਨ੍ਹਾਂ ਦੇ ਸੰਭਾਵਿਤ ਟਿਕਾਣਿਆਂ 'ਤੇ ਵੀ ਚੈਕਿੰਗ ਕੀਤੀ ਗਈ | ਨਸ਼ਾ ਕਰਨ ਵਾਲੇ ਵਿਅਕਤੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਨਸ਼ੇ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਤੇ ਇਲਾਜ ਲਈ ਸਰਕਾਰੀ ਡੀ-ਐਡੀਕਸ਼ਨ ਕੇਂਦਰਾਂ 'ਚ ਦਾਖ਼ਲ ਹੋਣ ਲਈ ਪ੍ਰੇਰਿਤ ਕੀਤਾ ਗਿਆ | ਪੁਲਿਸ ਵਲੋਂ ਸਖ਼ਤ ਚਿਤਾਵਨੀ ਦਿੱਤੀ ਗਈ ਕਿ ਕਿਸੇ ਵੀ ਨਸ਼ਾ ਤਸਕਰ ਜਾਂ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ |