ਫ਼ਰੀਦਕੋਟ, 27 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਵਲੋਂ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀ ਕਰਵਾਈ ਗਈ | ਸਕੂਲ ਦੇ ਚੇਅਰਮੈਨ ਵਾਸੂ ਸ਼ਰਮਾ, ਡਾਇਰੈਕਟਰ ਸੀਮਾ ਸ਼ਰਮਾ, ਚੇਅਰਪਰਸਨ ਰਕਸ਼ੰਦਾ ਸ਼ਰਮਾ, ਡਾਇਰੈਕਟਰ ਅਕਾਦਮਿਕ ਵਿਨੋਦ ਵਰਮਾ ਤੇ ਪਿ੍ੰਸੀਪਲ ਨੀਲਮ ਵਰਮਾ ਨੇ ਕਿਹਾ ਕਿ ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪ੍ਰੈਕਟੀਕਲ ਤਜ਼ਰਬੇ ਰਾਹੀਂ ਖੇਤੀਬਾੜੀ ਦੀ ਮਹੱਤਤਾ ਬਾਰੇ ਜਾਣੂੰ ਕਰਵਾਉਣਾ ਸੀ | ਇਸ ਦੌਰਾਨ ਵਿਦਿਆਰਥੀਆਂ ਨੇ ਖੁਦ ਮਿੱਟੀ 'ਚ ਬੀਜ ਬੀਜੇ, ਬੂਟਿਆਂ ਦੀ ਸੰਭਾਲ ਕੀਤੀ ਤੇ ਖੇਤੀਬਾੜੀ ਦੇ ਮੁੱਢਲੇ ਸਿਧਾਂਤਾਂ ਬਾਰੇ ਸਿੱਖਿਆ ਪ੍ਰਾਪਤ ਕੀਤੀ | ਅਧਿਆਪਕਾਂ ਵਲੋਂ ਬੱਚਿਆਂ ਨੂੰ ਪ੍ਰਾਕਿ੍ਤਿਕ ਸਰੋਤਾਂ ਦੀ ਸੰਭਾਲ ਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਬਾਰੇ ਜਾਗਰੂਕ ਕੀਤਾ ਗਿਆ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ 'ਚ ਪ੍ਰੈਕਟੀਕਲ ਗਿਆਨ, ਸਹਿਯੋਗ ਤੇ ਪ੍ਰਕਿਰਤੀ ਨਾਲ ਜੁੜਾਅ ਵਧਦਾ ਹੈ | ਬੱਚਿਆਂ ਨੇ ਇਸ ਗਤੀਵਿਧੀ 'ਚ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਇਸ ਨੂੰ ਇਕ ਯਾਦਗਾਰ ਅਨੁਭਵ ਦੱਸਿਆ | ਸਕੂਲ ਵਲੋਂ ਭਵਿੱਖ 'ਚ ਵੀ ਇਸ ਤਰ੍ਹਾਂ ਦੀਆਂ ਸਿੱਖਿਆਤਮਕ ਅਤੇ ਪ੍ਰਯੋਗਾਤਮਕ ਗਤੀਵਿਧੀਆਂ ਜਾਰੀ ਰੱਖਣ ਦਾ ਵਿਸ਼ਵਾਸ ਜਤਾਇਆ ਗਿਆ |