ਸ੍ਰੀ ਮੁਕਤਸਰ ਸਾਹਿਬ, 3 ਮਈ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਉਦੇਕਰਨ ਦੀ ਹੋਣਹਾਰ ਵਿਦਿਆਰਥਣ ਮਨੋਰਮਾ ਦੀ ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ ਮੁਹਾਲੀ ਦੇ ਲਈ ਹੋਏ ਟਰਾਇਲਾਂ ਵਿਚ ਅੰਡਰ-17 ਬਾਕਸਿੰਗ ਮੁਕਾਬਲੇ ਅਧੀਨ ਚੋਣ ਹੋਈ ਹੈ | ਮਨੋਰਮਾ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ ਵਿਚ ਖੁਸ਼ੀ ਦੀ ਲਹਿਰ ਹੈ | ਹੁਣ ਮਨੋਰਮਾ ਨੂੰ ਉਕਤ ਇੰਸਟੀਚਿਊਟ ਵਿਚ ਮੁਫ਼ਤ ਪੜ੍ਹਾਈ, ਕੋਚਿੰਗ ਅਤੇ ਰਿਹਾਇਸ਼ ਦੇ ਨਾਲ ਹੀ ਵਰਲਡ ਕਲਾਸ ਖਿਡਾਰੀ ਬਣਨ ਦਾ ਸੁਨਹਿਰਾ ਮੌਕਾ ਮਿਲੇਗਾ | ਸਕੂਲ ਦੇ ਪਿ੍ੰਸੀਪਲ ਦੀਪਕ ਬਾਂਸਲ ਨੇ ਮਨੋਰਮਾ ਦੀ ਇਸ ਪ੍ਰਾਪਤੀ 'ਤੇ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਕੂਲ ਅਤੇ ਇਲਾਕੇ ਲਈ ਮਾਣ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾਂ ਹੀ ਵਿਦਿਆਰਥੀਆਂ ਨੂੰ ਖ਼ੇਡਾਂ ਅਤੇ ਸਿੱਖਿਆ ਦੇ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹੇਗਾ | ਇਸ ਮੌਕੇ ਪਿ੍ੰਸੀਪਲ ਦੀਪਕ ਬਾਂਸਲ ਵਲੋਂ ਮਨੋਰਮਾ ਅਤੇ ਉਸ ਦੀ ਕੋਚ ਰਮਨਦੀਪ ਕੌਰ ਨੂੰ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ | ਕੋਚ ਰਮਨਦੀਪ ਕੌਰ ਨੇ ਖੁਸ਼ੀ ਜਤਾਈ ਅਤੇ ਕਿਹਾ ਕਿ ਮਨੋਰਮਾ ਨੇ ਕਠਿਨ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਇਹ ਸਫਲਤਾ ਹਾਸਿਲ ਕੀਤੀ ਹੈ | ਸਕੂਲ ਪਿ੍ੰਸੀਪਲ ਅਤੇ ਸਮੂਹ ਸਟਾਫ਼ ਵਲੋਂ ਮਨੋਰਮਾ, ਜਮਾਤ ਇੰਚਾਰਜ ਅੰਜੂ ਬਾਲਾ, ਉਸ ਦੇ ਮਾਪਿਆਂ ਅਤੇ ਕੋਚ ਰਮਨਦੀਪ ਕੌਰ ਨੂੰ ਵਧਾਈ ਦਿੱਤੀ ਗਈ | ਇਲਾਕੇ ਦੇ ਲੋਕਾਂ ਨੇ ਵੀ ਮਨੋਰਮਾ ਦੇ ਚਮਕਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |