ਸ੍ਰੀ ਮੁਕਤਸਰ ਸਾਹਿਬ, 3 ਮਈ (ਰਣਜੀਤ ਸਿੰਘ ਢਿੱਲੋਂ)-ਸੇਂਟ ਫ਼ਰੀਦ ਕਾਨਵੈਂਟ ਸਕੂਲ ਵਿਚ 'ਵਿਦਿਆਰਥੀਆਂ ਵਿਚ ਮਾਨਸਿਕ ਸਿਹਤ ਦਾ ਪ੍ਰਚਾਰ' ਵਿਸ਼ੇ 'ਤੇ ਇਕ ਮਹੱਤਵਪੂਰਨ ਵਰਕਸ਼ਾਪ ਕਰਵਾਈ ਗਈ | ਇਸ ਵਰਕਸ਼ਾਪ ਵਿਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਈ ਸੀ.ਬੀ.ਐਸ.ਈ. ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ | ਇਸ ਮੌਕੇ ਮੁੱਖ ਸਰੋਤ ਵਿਅਕਤੀ ਮਨੀਸ਼ ਚੋਪੜਾ (ਭਾਈ ਮਸਤਾਨ ਸਿੰਘ ਪਬਲਿਕ ਸਕੂਲ) ਅਤੇ ਦੂਜੇ ਸਰੋਤ ਵਿਅਕਤੀ ਸੰਦੀਪ ਪਾਲ (ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗ ਖੇੜਾ) ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਸੰਬੰਧੀ ਜਾਗਰੂਕਤਾ ਦੇਣ ਲਈ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਬੱਚਿਆਂ ਵਿਚ ਤਣਾਅ, ਚਿੰਤਾ ਅਤੇ ਵਿਹਾਰਕ ਬਦਲਾਵਾਂ ਨੂੰ ਸਮਝਣ ਅਤੇ ਸਮੇਂ 'ਤੇ ਸਹੀ ਮਦਦ ਦੇ ਤਰੀਕੇ ਵੀ ਦੱਸੇ | ਵਰਕਸ਼ਾਪ ਦੌਰਾਨ ਸਕੂਲ ਵਿਚ ਸਕਾਰਾਤਮਕ ਮਾਹੌਲ ਬਣਾਉਣ, ਵਿਦਿਆਰਥੀਆਂ ਨਾਲ ਖੁੱਲ੍ਹੀ ਗੱਲਬਾਤ ਕਰਨ, ਪਰੀਖਿਆ ਦੇ ਦਬਾਅ ਨੂੰ ਘਟਾਉਣ ਅਤੇ ਧਿਆਨ (ਮਾਈਾਡਫੁਲਨੈੱਸ) ਅਤੇ ਮਸ਼ਵਰਾ ਸੇਵਾਵਾਂ ਦੀ ਮਹੱਤਤਾ 'ਤੇ ਵੀ ਚਰਚਾ ਕੀਤੀ ਗਈ | ਸਕੂਲ ਦੇ ਪਿ੍ੰਸੀਪਲ ਜੋਗਿੰਦਰ ਤਨੇਜਾ, ਚੇਅਰਮੈਨ ਸੂਰਜ ਸਿੰਘ ਬਰਾੜ ਅਤੇ ਡਾਇਰੈਕਟਰ ਪਰਮਜੀਤ ਕੌਰ ਬਰਾੜ ਨੇ ਸਰੋਤ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਅਧਿਆਪਕਾਂ ਲਈ ਬਹੁਤ ਲਾਭਦਾਇਕ ਹਨ ਅਤੇ ਇਹ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਅੰਤ ਵਿਚ ਧੰਨਵਾਦ ਦੇ ਸ਼ਬਦਾਂ ਨਾਲ ਵਰਕਸ਼ਾਪ ਦਾ ਸਮਾਪਨ ਕੀਤਾ ਗਿਆ |