ਫ਼ਰੀਦਕੋਟ, 4 ਮਈ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵਲੋਂ ਜ਼ਿਲ੍ਹਾ ਫ਼ਰੀਦਕੋਟ ਵਿਚ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੱਖ-ਵੱਖ ਵਿਭਾਗ ਜਿਵੇਂ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਐਸ.ਐਸ.ਪੀ. ਫ਼ਰੀਦਕੋਟ ਡਾ. ਪ੍ਰਗਿਆ ਜੈਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਨ੍ਹਾਂ ਮੀਟਿੰਗ ਵਿਚ ਹਾਜ਼ਿਰ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਅਧੀਨ ਆਉਂਦੇ ਕਲੱਸਟਰ ਅਤੇ ਨੋਡਲ ਅਫ਼ਸਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ੂ ਪਿੰਡਾਂ ਵਿਚ ਵਿਜ਼ਟ ਕਰਨ ਅਤੇ ਕਿਸਾਨਾਂ ਨੂੰ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰਨ ਲਈ ਪਾਬੰਦ ਕਰਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨ ਇਸ ਕੰਮ ਲਈ ਬਹੁਤ ਅਹਿਮ ਹਨ, ਕਿਉਂਕਿ ਆਉਣ ਵਾਲੇ ਦਿਨਾਂ ਵਿਚ ਅੱਗ ਦੀਆਂ ਘਟਨਾਵਾਂ ਵੱਧ ਸਕਦੀਆਂ ਹਨ | ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਵੱਧ ਤੋਂ ਵੱਧ ਕਿਸਾਨ ਸਿਖਲਾਈ ਕੈਂਪ, ਨੁੱਕੜ ਮੀਟਿੰਗਾਂ, ਪ੍ਰਚਾਰ ਵੈਨਾਂ, ਸੋਸ਼ਲ ਮੀਡੀਆ ਆਦਿ ਰਾਹੀਂ ਕਣਕ ਦੇ ਨਾੜ ਨੂੰ ਖੇਤ ਵਿਚ ਵਾਹੁਣ ਲਈ ਪ੍ਰੇਰਿਤ ਕਰਨ | ਇਸ ਤੋਂ ਇਲਾਵਾ ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਤੂੜੀ ਬਣਾਉਣ ਉਪਰੰਤ ਬਚੀ ਰਹਿੰਦ-ਖੂੰਹਦ ਨੂੰ ਆਪਣੇ ਖੇਤਾਂ ਵਿਚ ਹੀ ਵਾਹਿਆ ਜਾਵੇ ਤਾਂ ਜੋ ਜ਼ਮੀਨ ਦੀ ਸਿਹਤ ਬਰਕਰਾਰ ਰੱਖੀ ਜਾ ਸਕੇ ਅਤੇ ਬੇਲੋੜੀਆਂ ਖਾਦਾਂ ਦੇ ਖਰਚੇ ਤੋਂ ਬਚਿਆ ਜਾ ਸਕੇ | ਇਸ ਦੌਰਾਨ ਹਵਾ ਖੁਸ਼ਕ ਹੋਣ ਕਰਕੇ ਦਰੱਖਤ ਤੇ ਹੋਰ ਬਨਸਪਤੀ ਵੀ ਸੜ ਜਾਂਦੇ ਹਨ | ਡਿਪਟੀ ਕਮਿਸ਼ਨਰ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਦੀ ਸਾਂਭ ਸੰਭਾਲ ਵਿਚ ਆਪਣਾ ਯੋਗਦਾਨ ਪਾਉਣ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਮਲਹੋਤਰਾ, ਪੁਨੀਤ ਸ਼ਰਮਾ ਉਪ ਮੰਡਲ ਮੈਜਿਸਟਰੇਟ ਫ਼ਰੀਦਕੋਟ, ਕੁਲਵੰਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ, ਗੁਰਪ੍ਰੀਤ ਸਿੰਘ ਖੇਤੀਬਾੜੀ ਅਫ਼ਸਰ ਫ਼ਰੀਦਕੋਟ, ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਫ਼ਰੀਦਕੋਟ, ਰਵੀਦੀਪ ਸਿੰਗਲਾ ਵਾਤਾਵਰਨ ਇੰਜੀਨੀਅਰ ਫ਼ਰੀਦਕੋਟ, ਸ਼ੁਭਕਰਮਨ ਸਿੰਘ ਸਹਾਇਕ ਵਾਤਾਵਰਨ ਇੰਜੀਨੀਅਰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਫ਼ਰੀਦਕੋਟ ਹਾਜ਼ਰ ਸਨ |