ਫ਼ਰੀਦਕੋਟ, 4 ਮਈ (ਜਸਵੰਤ ਸਿੰਘ ਪੁਰਬਾ)-ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਗੁਰਤੇਜ ਸਿੰਘ ਖੋਸਾ ਅਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਗਗਨਦੀਪ ਸਿੰਘ ਧਾਲੀਵਾਲ ਨੇ ਜਨਗਣਨਾ-2027 ਤਹਿਤ ਸ਼ੁਰੂ ਕੀਤੀ ਗਈ ਸਵੈ-ਗਣਨਾ (ਸੈਲਫ਼ ਇਨਿਊਮਰੇਸ਼ਨ) ਮੁਹਿੰਮ ਵਿਚ ਖੁਦ ਸ਼ਮੂਲੀਅਤ ਕਰਦਿਆਂ ਲੋਕਾਂ ਨੂੰ ਵੀ ਇਸ ਪ੍ਰਕਿਰਿਆ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਦੇਸ਼ ਦੀ ਯੋਜਨਾਬੰਦੀ, ਵਿਕਾਸ ਅਤੇ ਲੋਕ ਭਲਾਈ ਸਬੰਧੀ ਨੀਤੀਆਂ ਬਣਾਉਣ ਲਈ ਇਕ ਮਹੱਤਵਪੂਰਨ ਆਧਾਰ ਹੈ, ਇਸ ਲਈ ਹਰ ਪਰਿਵਾਰ ਨੂੰ ਆਪਣੀ ਜਾਣਕਾਰੀ ਸਮੇਂ ਸਿਰ ਦਰਜ ਕਰਵਾਉਣੀ ਚਾਹੀਦੀ ਹੈ | ਚੇਅਰਮੈਨ ਗੁਰਤੇਜ ਸਿੰਘ ਖੋਸਾ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ 30 ਅਪ੍ਰੈਲ ਤੋਂ 14 ਮਈ ਤੱਕ ਸਵੈ-ਗਣਨਾ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ, ਜਿਸ ਤਹਿਤ ਲੋਕ ਪੋਰਟਲ 'ਤੇ ਲਾਗਇਨ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਖੁਦ ਭਰ ਸਕਦੇ ਹਨ | ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ ਲੋਕਾਂ ਨੂੰ ਆਪਣੀ ਜਾਣਕਾਰੀ ਸਹੀ ਅਤੇ ਸੁਵਿਧਾਜਨਕ ਢੰਗ ਨਾਲ ਦਰਜ ਕਰਨ ਦਾ ਮੌਕਾ ਮਿਲੇਗਾ | ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਦੌਰਾਨ ਪਰਿਵਾਰ ਦੇ ਮੁਖੀ ਦੇ ਨਾਮ ਹੇਠ ਵੇਰਵੇ ਦਰਜ ਕਰਨ ਉਪਰੰਤ ਇਕ 12 ਅੰਕਾਂ ਦਾ ਵਿਸ਼ੇਸ਼ ਕੋਡ ਜਾਰੀ ਕੀਤਾ ਜਾਵੇਗਾ, ਜਿਸਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ 15 ਮਈ ਤੋਂ ਘਰ-ਘਰ ਆਉਣ ਵਾਲੇ ਸਰਕਾਰੀ ਅਧਿਕਾਰੀਆਂ ਨਾਲ ਇਹ ਕੋਡ ਸਾਂਝਾ ਕਰਨ ਨਾਲ ਜਨਗਣਨਾ ਦੀ ਪ੍ਰਕਿਰਿਆ ਹੋਰ ਵੀ ਆਸਾਨ ਅਤੇ ਤੇਜ਼ ਬਣੇਗੀ | ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਨਗਣਨਾ ਹਰ 10 ਸਾਲਾਂ ਬਾਅਦ ਕੀਤੀ ਜਾਂਦੀ ਹੈ, ਪਰ ਸਾਲ 2021 ਵਿਚ ਕੋਵਿਡ ਮਹਾਂਮਾਰੀ ਕਾਰਨ ਇਹ ਪ੍ਰਕਿਰਿਆ ਸੰਭਵ ਨਹੀਂ ਹੋ ਸਕੀ | ਹੁਣ ਲੰਬੇ ਅੰਤਰਾਲ ਬਾਅਦ ਮੁੜ ਸ਼ੁਰੂ ਹੋ ਰਹੀ ਇਹ ਮੁਹਿੰਮ ਦੇਸ਼ ਦੇ ਵਿਕਾਸ ਲਈ ਬਹੁਤ ਅਹਿਮ ਹੈ | ਉਨ੍ਹਾਂ ਕਿਹਾ ਕਿ ਜਨਗਣਨਾ ਦੇ ਅੰਕੜਿਆਂ ਦੇ ਆਧਾਰ 'ਤੇ ਹੀ ਸਰਕਾਰਾਂ ਵਲੋਂ ਵੱਖ-ਵੱਖ ਯੋਜਨਾਵਾਂ ਅਤੇ ਲੋਕ-ਹਿਤ ਨੀਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਖ਼ਾਸ ਅਪੀਲ ਕਰਦਿਆਂ ਕਿਹਾ ਕਿ ਜਦੋਂ ਮਾਂ-ਬੋਲੀ ਸਬੰਧੀ ਜਾਣਕਾਰੀ ਭਰਨ ਦਾ ਸਮਾਂ ਆਵੇ ਤਾਂ ਪੰਜਾਬੀ ਨੂੰ ਆਪਣੀ ਮਾਂ-ਬੋਲੀ ਵਜੋਂ ਜ਼ਰੂਰ ਦਰਜ ਕਰਵਾਇਆ ਜਾਵੇ | ਇਸ ਮੌਕੇ ਨਾਇਬ ਤਹਿਸੀਲਦਾਰ ਹਰਸ਼ਵੀਰ ਗੋਇਲ, ਜਸਬੀਰ ਜੱਸੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਜਨਗਣਨਾ, ਮਨਪ੍ਰੀਤ ਕੌਰ, ਗੁਰਦੀਪ ਸਿੰਘ ਤਕਨੀਕੀ ਸਹਾਇਕ ਵੀ ਹਾਜ਼ਰ ਸਨ |