ਕੋਟਕਪੂਰਾ, 14 ਮਈ (ਮੋਹਰ ਸਿੰਘ ਗਿੱਲ)-ਇੰਡੀਅਨ ਨਰਸਿੰਗ ਕੌਂਸਲ ਵਲੋਂ ਅਕਤੂਬਰ-2025 ਅਤੇ ਜਨਵਰੀ 2026 ਨੂੰ ਪ੍ਰੀਖਿਆ ਨਿਯਮਾਂ ਵਿਚ ਸੋਧ ਕਰਦੇ ਹੋਏ ਨਵਾਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ, ਜੰਮੂ ਕਸ਼ਮੀਰ ਸਟੂਡੈਂਟਸ ਯੂਨੀਅਨ ਅਤੇ ਨਰਸਿੰਗ ਵਿਦਿਆਰਥੀਆਂ ਦਾ ਵਫ਼ਦ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਵੀ ਮਿਲ ਚੁੱਕਾ ਹੈ | ਉਕਤ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਪੀ.ਐਸ.ਯੂ ਅਤੇ ਨਰਸਿੰਗ ਵਿਦਿਆਰਥੀਆਂ ਦਾ ਇਕ ਵਫ਼ਦ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ | ਸੂਬਾ ਕਮੇਟੀ ਮੈਂਬਰ ਹਰਵੀਰ ਕੌਰ ਨੇ ਕਿਹਾ ਕਿ 2022 ਬੈਚ ਦੇ ਨਰਸਿੰਗ ਵਿਦਿਆਰਥੀ, ਜੋ ਕਿ ਚੌਥੇ ਸਮੈਸਟਰ ਦੀ ਸਪਲੀ ਕਰਕੇ ਛੇ ਮਹੀਨੇ ਪਿੱਛੇ ਰਹਿ ਗਏ ਸਨ | ਉਹ ਆਪਣੇ ਸਪਲੀ ਦੇ ਪੇਪਰ ਦੇ ਚੁੱਕੇ ਹਨ ਅਤੇ ਫਿਰ ਵੀ ਛੇ ਮਹੀਨੇ ਪਿੱਛੇ ਹੀ ਹਨ | ਵਿਦਿਆਰਥੀ ਹੁਣ ਆਪਣੇ ਛੇਵੇਂ ਸਮੈਮਸਰ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਹਨ, ਜਦਕਿ ਉਹ ਸੱਤਵੇਂ ਸਮੈਸਟਰ ਦੀਆਂ ਕਲਾਸਾਂ ਲਗਾ ਰਹੇ ਹਨ | ਨਰਸਿੰਗ ਕੌਂਸਲ ਦੇ ਨਵੇਂ ਨਿਯਮਾਂ ਮੁਤਾਬਿਕ ਵਿਦਿਆਰਥੀਆਂ ਦੇ 6ਵੇਂ ਅਤੇ 7ਵੇਂ ਸਮੈਸਟਰ ਦੇ ਪੇਪਰ ਉਨ੍ਹਾਂ ਦੇ ਚੱਲਦੇ ਸ਼ੈਸ਼ਨ ਵਿਚ ਲਏ ਜਾ ਸਕਦੇ ਹਨ ਤਾਂ ਕਿ ਉਹ ਆਪਣੀ ਪੜ੍ਹਾਈ ਆਪਣੇ ਸ਼ੈਸ਼ਨ ਦੇ ਵਿਚ ਪੂਰੀ ਕਰ ਸਕਣ | ਵਿਦਿਆਰਥੀ ਆਗੂ ਜਸਨੀਤ ਸਿੰਘ, ਵਨੀਤ, ਮੁਜਮਿਲ, ਵਿਸ਼ਾਲ ਸਿੰਘ ਨੇ ਕਿਹਾ ਕਿ ਨਰਸਿੰਗ ਕੌਂਸਲ ਦੇ ਨਿਯਮ ਇਹ ਕਹਿੰਦੇ ਹਨ ਕਿ 7ਵੇਂ ਸਮੈਸਟਰ ਤੱਕ ਕਿਸੇ ਨੂੰ ਵੀ ਛੇ ਮਹੀਨੇ ਪਿੱਛੇ ਨਹੀਂ ਰੱਖਿਆ ਜਾਣਾ ਚਾਹੀਦਾ, ਪਰ ਬਾਬਾ ਫ਼ਰੀਦ ਯੂਨੀਵਰਸਿਟੀ ਇਸ ਨੋਟੀਫਿਕੇਸ਼ਨ ਨੂੰ ਨਜ਼ਰ ਅੰਦਾਜ ਕਰ ਰਹੀ ਹੈ | ਮਸਲਾ ਧਿਆਨ ਵਿਚ ਹੋਣ ਦੇ ਬਾਵਜੂਦ ਵੀ ਇਸ ਨੂੰ ਹੱਲ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਮੰਗ ਕੀਤੀ ਕਿ ਬੈਚ 2022 ਦੇ ਵਿਦਿਆਰਥੀਆਂ ਦੇ ਪੇਪਰ ਉਨ੍ਹਾਂ ਦੇ ਚੱਲਦੇ ਸ਼ੈਸ਼ਨ ਅੰਦਰ ਹੀ ਲਏ ਜਾਣ ਅਤੇ ਛੇਵੇਂ ਸਮੈਸਟਰ ਦੇ ਪੇਪਰਾਂ ਦੀ ਡੇਟਸੀਟ ਜਾਰੀ ਕੀਤੀ ਜਾਵੇ | ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਸਲੇ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ |