ਫ਼ਰੀਦਕੋਟ, 21 ਮਈ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ ਡਰਨ ਵਾਲੀ ਪਾਰਟੀ ਨਹੀਂ, ਨਾ ਘਬਰਾਉਣ ਵਾਲੀ ਪਾਰਟੀ, ਨਾ ਪਰਚਿਆਂ ਦੀ ਪ੍ਰਵਾਹ ਕਰਦੀ ਹੈ | ਮੇਰੇ 'ਤੇ ਸਰਕਾਰ ਨੇ ਚਾਰ ਪਰਚੇ ਕੀਤੇ ਹਨ ਕੋਈ ਪ੍ਰਵਾਹ ਨਹੀਂ | ਇਹ ਚਿਤਾਵਨੀ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫ਼ਰੀਦਕੋਟ ਵਿਖੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸਤੀਸ਼ ਗਰੋਵਰ ਦੀ ਗਿ੍ਫ਼ਤਾਰੀ ਤੋਂ ਬਾਅਦ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਵਿਚ ਪੁਲਿਸ ਥਾਣੇ ਅੱਗੇ ਅਕਾਲੀ ਵਰਕਰਾਂ ਵਲੋਂ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਪੁਲਿਸ ਨੂੰ ਦਿੱਤੀ | ਸ: ਬਾਦਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਅਕਤੂਬਰ ਵਿਚ ਹੋ ਰਹੀਆਂ ਹਨ | ਅਫ਼ਸਰਸ਼ਾਹੀ ਕਿਉਂ ਸਰਕਾਰ ਪਿੱਛੇ ਲੱਗ ਕੇ ਗ਼ਲਮ ਕਰ ਰਹੀ ਹੈ | ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਸਰਕਾਰ ਦੇ ਕੰਮ ਵਿਚ ਵਿਘਨ ਪਾਇਆ ਹੈ ਤਾਂ ਅਫ਼ਸਰਸ਼ਾਹੀ ਕਿਹੜੇ ਕਾਨੂੰਨਾਂ ਨਾਲ ਕਾਗਜ਼ ਰੱਦ ਕਰ ਰਹੀ ਹੈ | ਉਨ੍ਹਾਂ ਹਲਕਾ ਇੰਚਾਰਜ ਬੰਟੀ ਰੋਮਾਣਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਕ ਹਿੰਮਤ ਵਾਲੇ ਆਗੂ ਦੀ ਜ਼ਿੰਮੇਵਾਰੀ ਨਿਭਾਈ ਹੈ | ਉਨ੍ਹਾਂ ਵਰਕਰਾਂ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਜੁਲਮ ਵਿਰੁੱਧ ਡਟਣ ਦੀ ਗੁੜਤੀ ਵਿਰਸੇ ਵਿਚੋਂ ਮਿਲੀ ਹੈ | ਜਿਨ੍ਹੇ ਗ਼ਲਤ ਪਰਚੇ ਹੋਏ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਇਕ ਇਕ ਅਫ਼ਸਰ ਤੋਂ ਇਨ੍ਹਾਂ ਨਜਾਇਜ਼ ਪਰਚਿਆਂ ਦਾ ਹਿਸਾਬ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਇਕ ਧਰਮ ਨਿਰਪੱਖ ਪਾਰਟੀ ਹੈ | ਜਦੋਂ ਰਾਸ਼ਟਰੀ ਪਾਰਟੀਆਂ ਧਰਮ ਦੇ ਨਾਂਅ 'ਤੇ ਰਾਜਨੀਤੀ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਪਿਛਲੇ ਵਾਲੀ ਬਦਲਾਅ ਦੇ ਚੱਕਰ 'ਚ ਇਸ ਲੋਟੂ ਟੋਲੇ ਦੇ ਹੱਥ ਚੜ੍ਹ ਗਏ | ਜਿਨ੍ਹਾਂ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ | ਉਨ੍ਹਾਂ ਪੰਜਾਬ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 26 ਮਈ 2026 ਨੂੰ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਵਿਰੁੱਧ ਵੋਟ ਪਾ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮਜ਼ਬੂਤ ਕਰਨ | ਇਸ ਧਰਨੇ ਵਿਚ ਮਿਨਤਾਰ ਸਿੰਘ ਬਰਾੜ, ਪਰਮਬੰਸ ਸਿੰਘ ਰੋਮਾਣਾ, ਸੂਬਾ ਸਿੰਘ ਬਾਦਲ, ਸ਼ੇਰ ਸਿੰਘ ਮੰਡਵਾਲਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਗੁਰਚੇਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਸੁੱਖਾ ਕੋਟਸੁਖੀਆ, ਅਮਰਜੀਤ ਕੌਰ ਪੰਜਗਰਾਈਾ, ਹਰਿੰਦਰ ਸਿੰਘ ਕਾਲਾ, ਬਲਜਿੰਦਰ ਸਿੰਘ ਧਾਲੀਵਾਲ, ਪਰਮਜੀਤ ਸਿੰਘ ਝੋਟੀਵਾਲਾ, ਹਰਪ੍ਰੀਤ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ | ਧਰਨੇ 'ਚ ਬਬਰੀਕ ਸਿੰਘ ਰੋਮਾਣਾ, ਗੁਰਕੰਵਲਜੀਤ ਸਿੰਘ ਸੰਧੂ, ਸਰਬਜੋਤ ਸਿੰਘ ਸਾਹਨੀ, ਕਰਨਵੀਰ ਸਿੰਘ ਸੰਧੂ, ਪ੍ਰਤਾਪ ਸਿੰਘ ਨੰਗਲ, ਸੁਰਜੀਤ ਸਿੰਘ ਸ਼ਤਾਬ, ਕਰਮਜੀਤ ਸਿੰਘ ਸਿਮਰੇਵਾਲਾ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਬੱਬਲ ਜਟਾਣਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਲਾਲੀ ਬਾਦਲ ਆਦਿ ਵੀ ਹਾਜ਼ਰ ਸਨ |