ਫ਼ਰੀਦਕੋਟ, 22 ਮਈ (ਜਸਵੰਤ ਸਿੰਘ ਪੁਰਬਾ)-ਪਿਛਲੇ ਕਰੀਬ 17 ਦਿਨਾਂ ਤੋਂ ਚੱਲ ਰਹੀ ਸਫ਼ਾਈ ਸੇਵਕਾਂ ਦੀ ਹੜਤਾਲ ਨੂੰ ਆਖਰ ਵਿਰਾਮ ਲੱਗਿਆ ਹੈ, ਜਦੋਂ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਭਰੋਸਾ ਦਿੱਤਾ ਤੇ ਇਕ ਮਹੀਨੇ ਦਾ ਸਮਾਂ ਲਿਆ ਤਾਂ ਜੋ ਉਨ੍ਹਾਂ ਦੀਆਂ ਮੰਗਾਂ 'ਤੇ ਗੌਰ ਕੀਤਾ ਜਾਵੇ, ਜਿਸ ਤੋਂ ਬਾਅਦ ਪੰਜਾਬ ਭਰ ਦੇ ਸਫ਼ਾਈ ਸੇਵਕਾਂ ਵਲੋਂ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ | ਅੱਜ ਫ਼ਰੀਦਕੋਟ ਵਿਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਲੋਂ ਸਫ਼ਾਈ ਸੇਵਕਾਂ ਦੇ ਧਰਨੇ ਵਿਚ ਪੁੱਜ ਕੇ ਉਨ੍ਹਾਂ ਦਾ ਧਰਨਾ ਸਮਾਪਤ ਕਰਵਾਇਆ | ਜਿਸ ਤੋਂ ਬਾਅਦ ਹੁਣ ਸ਼ਹਿਰ ਵਿਚ ਲੱਗੇ ਕੂੜੇ ਦੇ ਢੇਰਾਂ ਨੂੰ ਚੱਕਣ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਸ਼ਹਿਰ ਵਿਚ ਸਾਫ਼ ਸਫ਼ਾਈ ਦੀ ਵਿਵਸਥਾ ਨੂੰ ਬਹਾਲ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ | ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਸੰਜੀਦਗੀ ਨਾਲ ਵਿਚਾਰ ਕਰ ਰਹੀ ਹੈ ਅਤੇ ਇਕ ਮਹੀਨੇ ਦਾ ਸਮਾਂ ਲਿਆ ਹੈ, ਕਿਉਂਕਿ ਚੋਣ ਜ਼ਾਬਤਾ ਲੱਗੇ ਹੋਣ ਕਾਰਨ ਨਿਯਮਾਂ 'ਚ ਕੋਈ ਫੇਰਬਦਲ ਨਹੀਂ ਕੀਤਾ ਜਾ ਸਕਦਾ, ਇਸ ਲਈ ਇਕ ਮਹੀਨੇ ਬਾਅਦ ਇਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅੱਜ ਤੋਂ ਹੀ ਇਨ੍ਹਾਂ ਵਲੋਂ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ | ਸਫ਼ਾਈ ਸੇਵਕ ਯੂਨੀਅਨ ਦੇ ਮੁੱਖ ਸਲਾਹਕਾਰ ਕੁਲਦੀਪ ਸ਼ਰਮਾ ਨੇ ਕਿਹਾ ਕਿ ਸਰਕਾਰ ਨਾਲ ਪਿਛਲੇ ਦੋ ਦਿਨਾਂ ਤੋਂ ਗੱਲਬਾਤ ਚੱਲ ਰਹੀ ਸੀ ਅਤੇ ਸਰਕਾਰ ਦੇ ਮੰਤਰੀਆਂ ਵਲੋਂ ਇਕ ਮਹੀਨੇ ਦਾ ਸਮਾਂ ਮੰਗਿਆ ਗਿਆ ਹੈ ਕੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਦਾ ਉਚਿਤ ਹੱਲ ਕੀਤਾ ਜਾਵੇਗਾ | ਉਨ੍ਹਾਂ ਸਾਫ਼ ਕੀਤਾ ਕਿ ਹੜਤਾਲ ਖ਼ਤਮ ਨਹੀਂ ਬਲਕਿ ਮੁਲਤਵੀ ਕੀਤੀ ਗਈ ਹੈ ਅਤੇ ਜੇਕਰ ਇਕ ਮਹੀਨੇ ਬਾਅਦ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਉਚਿਤ ਫ਼ੈਸਲਾ ਨਾ ਲਿਆ ਗਿਆ ਤਾਂ ਹੜਤਾਲ ਮੁੜ ਦੁਬਾਰਾ ਸ਼ੁਰੂ ਕੀਤੀ ਜਾਵੇਗੀ |