ਜੈਤੋ, 26 ਮਈ (ਗੁਰਚਰਨ ਸਿੰਘ ਗਾਬੜੀਆ)-ਜੈਤੋ ਸ਼ਹਿਰ ਦੇ ਕੁੱਲ 17 ਵਾਰਡਾਂ ਵਿਚੋਂ 10 ਵਾਰਡਾਂ 'ਤੇ ਵੋਟ ਅਮਨ ਅਮਾਨ ਨਾਲ ਪੋਲ ਹੋਈ ਹੈ | ਜਦ ਕਿ ਅੱਤ ਦੀ ਗਰਮੀ ਦੇ ਕਾਰਨ ਵੋਟਰਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ | ਜਿਵੇਂ ਕਿ ਬਜ਼ੁਰਗ ਵਿਅਕਤੀਆਂ ਦੇ ਬੈਠਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਤੇ ਉਨ੍ਹਾਂ ਨੂੰ ਲਾਈਨ ਵਿਚ ਖੜ੍ਹੇ ਰਹਿ ਕੇ ਹੀ ਵੋਟ ਪਾਉਣੀ ਪਈ ਹੈ | ਉਥੇ ਹੀ ਪੀਣ ਵਾਲੇ ਪਾਣੀ ਦੀ ਘਾਟ ਵੀ ਰੜਕਦੀ ਰਹੀ ਹੈ ਅਤੇ ਮੋਬਾਈਲ ਫ਼ੋਨ ਦੀ ਪਾਬੰਦੀ ਦੇ ਕਾਰਨ ਲੋਕ ਆਪਣਾ ਮੋਬਾਈਲ ਇਕ ਦੂਜੇ ਨੂੰ ਫ਼ੜਾਉਂਦੇ ਵੇਖੇ ਗਏ | ਅੱਜ ਸਵੇਰੇ 8 ਵਜੇ ਚੋਣਾਂ ਦਾ ਕੰਮ ਬੜੇ ਉਤਸ਼ਾਹ ਨਾਲ ਅਤੇ ਅੱਤ ਦੀ ਗਰਮੀ ਕਾਰਨ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਇਆ | ਵੋਟਰਾਂ ਦਾ ਇਹ ਵੀ ਦੋਸ਼ ਹੈ ਕਿ ਉਨ੍ਹਾਂ ਦੀਆਂ ਵੋਟਾਂ ਸਬੰਧੀ ਬੀ.ਐਲ.ਓ ਜਾਂ ਉਮੀਦਵਾਰਾਂ ਵਲੋਂ ਜਾਣੂ ਨਹੀਂ ਕਰਵਾਇਆ ਗਿਆ, ਕਿਉਂਕਿ ਵੋਟਾਂ ਤੋਂ ਪਹਿਲਾਂ ਵੋਟਰਾਂ ਨੂੰ ਘਰ-ਘਰ ਪਰਚੀਆਂ ਪਹੁੰਚਾਈਆਂ ਜਾਂਦੀਆਂ ਸਨ | ਜਿਸ ਵਿਚ ਬੂਥ ਨੰਬਰ ਅਤੇ ਵੋਟ ਨੰਬਰ ਦਿੱਤਾ ਹੁੰਦਾ ਹੈ ਪਰ ਇਹ ਪਰਚੀਆਂ ਬਹੁਤੇ ਵੋਟਰਾਂ ਨੂੰ ਨਹੀਂ ਮਿਲੀਆਂ | ਕਈਆਂ ਨੇ ਆਪਣੀ ਵੋਟ ਕੱਟੇ ਜਾਣ ਦਾ ਵੀ ਦੋਸ਼ ਲਗਾਇਆ ਅਤੇ ਕਈਆਂ ਨੇ ਦੂਜੇ ਵਾਰਡ ਵਿਚ ਵੋਟ ਹੋਣ ਦਾ ਦੋਸ਼ ਲਗਾਇਆ ਹੈ | ਇਥੇ ਦੱਸਣਾ ਜ਼ਰੂਰੀ ਹੈ ਕਿ 17 ਵਾਰਡਾਂ 'ਚੋਂ 7 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ ਜਦ ਕਿ ਵਿਰੋਧੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਉਮੀਦਵਾਰਾਂ ਦੇ ਕਾਗਜ਼ ਜਾਣਬੁਝ ਕੇ ਰੱਦ ਕੀਤੇ ਗਏ ਹਨ |