ਫ਼ਰੀਦਕੋਟ, 26 ਮਈ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਸਥਾਨਕ ਮੁੱਖ ਡਾਕ ਘਰ ਨਜ਼ਦੀਕ ਇਕ ਵਿਅਕਤੀ ਨੂੰ ਲਾਇਸੰਸੀ ਰਿਵਾਲਵਰ ਸਮੇਤ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਸਿਟੀ ਫ਼ਰੀਦਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ | ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਮਿਊਾਸਪਲ ਕਮੇਟੀ ਦੀਆਂ ਵੋਟਾਂ ਸੰਬੰਧੀ ਜ਼ਿਲ੍ਹਾ ਮੈਜਸਿਟਰੇਟ ਕਮ ਮੁੱਖ ਚੋਣ ਅਧਿਕਾਰੀ ਵਲੋਂ ਲਾਗੂ ਕੀਤੇ ਗਏ ਆਦਰ ਚੋਣ ਜਾਬਤੇ ਸੰਬੰਧੀ ਕੀਤੀ ਜਾ ਰਹੀ ਗਸ਼ਤ ਦੌਰਾਨ ਮੁੱਖ ਡਾਕ ਘਰ, ਫ਼ਰੀਦਕੋਟ ਨਜ਼ਦੀਕ ਸਿਮਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਡੱਲੇਵਾਲਾ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਇਕ ਰਿਵਾਲਵਰ .32 ਬੋਰ ਤੇ ਚਾਰ ਰੌਂਦ .32 ਬੋਰ ਸਮੇਤ ਲਾਇਸੰਸ ਦੇ ਕਾਬੂ ਕੀਤਾ ਗਿਆ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਵਲੋਂ ਐਮ.ਸੀ. ਚੋਣਾਂ ਦੇ ਮੱਦੇਨਜ਼ਰ ਆਪਣੇ ਪਾਸ ਅਸਲਾ ਐਮੂਨੇਸ਼ਨ ਰੱਖ ਕੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕੀਤੀ ਗਈ, ਜਿਸ 'ਤੇ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਸਿਟੀ-2, ਫ਼ਰੀਦਕੋਟ ਵਿਖੇ ਬੀ.ਐਨ.ਐਸ. ਦੀ ਧਾਰਾ 223 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |