ਮੰਡੀ ਕਿੱਲਿਆਂਵਾਲੀ, 26 ਮਈ (ਇਕਬਾਲ ਸਿੰਘ ਸ਼ਾਂਤ)-ਪਿੰਡ ਕੱਖਾਂਵਾਲੀ ਵਿਚ ਸਰਕਾਰੀ ਰਸਤੇ ਦੀ ਨਿਸ਼ਾਨਦੇਹੀ ਮਗਰੋਂ ਵੱਟਾਂ ਦੇ ਅੰਦਾਜਿਆਂ ਵਿਚ ਦੋ ਕਿਸਾਨ ਧਿਰਾਂ ਦਰਮਿਆਨ ਝਗੜਾ ਖੂਨੀ ਜੰਗ ਦਾ ਰੂਪ ਧਾਰ ਗਿਆ | ਸੋਮਵਾਰ ਦੇਰ ਸ਼ਾਮ ਵਾਪਰੀ ਘਟਨਾ ਦੌਰਾਨ ਬੰਦੂਕਾਂ ਅਤੇ ਪਿਸਤੌਲਾਂ ਤੋਂ 8 ਤੋਂ 10 ਰਾਊਾਡ ਫਾਇਰ ਹੋਣ ਦੀ ਸੂਚਨਾ ਹੈ | ਦੋਵੇਂ ਧਿਰਾਂ ਦੇ ਛੇ ਵਿਅਕਤੀ ਗੰਭੀਰ ਜ਼ਖਮੀ ਹੋ ਗਏ | ਕਰੀਬ 23 ਸਾਲਾ ਹਰਪ੍ਰੀਤ ਸਿੰਘ ਦੇ ਢਿੱਡ ਵਿਚ ਗੋਲੀ ਲੱਗੀ ਹੈ | ਝਗੜੇ ਦੌਰਾਨ ਤਿੰਨ ਵਾਹਨਾਂ ਦੀ ਭੰਨ-ਤੋੜ ਵੀ ਕੀਤੀ ਗਈ | ਥਾਣਾ ਕਿੱਲਿਆਂਵਾਲੀ (ਆਰਜੀ) ਵਲੋਂ ਪੜਤਾਲ ਕੀਤੀ ਜਾ ਰਹੀ ਹੈ | ਜਾਣਕਾਰੀ ਸੂਤਰਾਂ ਮੁਤਾਬਿਕ ਗੰਭੀਰ ਜ਼ਖਮੀਆਂ ਵਿਚ ਮੇਜਰ ਸਿੰਘ (ਖੁਦ), ਉਸਦਾ ਭਤੀਜਾ ਹਰਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ ਤੇ ਮਲਕੀਤ ਸਿੰਘ ਸ਼ਾਮਿਲ ਹਨ | ਦੂਜੀ ਧਿਰ ਦੇ ਦੋਵੇਂ ਸਕੇ ਭਰਾ ਸਰਵਣ ਸਿੰਘ ਤੇ ਜਸਵੀਰ ਸਿੰਘ ਗੰਭੀਰ ਜ਼ਖਮੀ ਹਨ | ਜ਼ਖਮੀਆਂ ਨੂੰ ਏਮਜ਼ ਬਠਿੰਡਾ ਅਤੇ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਹੈ | ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨੀਂ ਪਿੰਡ ਵਿਚ ਇਕ ਸਰਕਾਰੀ ਰਸਤੇ ਦੀ ਨਿਸ਼ਾਨਦੇਹੀ ਕੀਤੀ ਗਈ ਸੀ | ਇਸ ਨਿਸ਼ਾਨਦੇਹੀ ਨਾਲ ਝਗੜੇ ਵਾਲੀਆਂ ਦੋਵੇਂ ਧਿਰਾਂ ਦਾ ਸਿੱਧਾ ਸੰਬੰਧ ਨਹੀਂ ਸੀ, ਪਰ ਬਿਨਾਂ ਪੁਖਤਾ ਨਿਸ਼ਾਨਦੇਹੀ ਦੇ ਆਪੋ-ਆਪਣੀ ਵੱਟ ਅਗਾਂਹ ਹੋਣ ਦੇ ਅੰਦਾਜਿਆਂ ਤਹਿਤ ਤਣਾਅ ਦਾ ਮਾਹੌਲ ਬਣ ਗਿਆ | ਪਿੰਡ ਵਾਸੀਆਂ ਮੁਤਾਬਿਕ ਇਕ ਧਿਰ ਵਲੋਂ ਕਥਿਤ ਤੌਰ 'ਤੇ ਦੂਜੇ ਧਿਰ ਨੂੰ ਵੰਗਾਰ ਕੇ ਵੱਟ ਪਾਉਣ ਦਾ ਸੱਦਾ ਦਿੱਤਾ ਗਿਆ | ਝਗੜੇ ਮੌਕੇ ਕਈ ਪਿੰਡਾਂ ਤੋਂ ਲੋਕ ਵੀ ਬੁਲਾਏ ਹੋਣ ਦੀ ਗੱਲ ਆਖੀ ਜਾ ਰਹੀ ਹੈ | ਖੂਨੀ ਟਕਰਾਅ ਵਿਚ ਜ਼ਖਮੀ ਵਿਅਕਤੀਆਂ ਦੇ ਸਿਰ ਪਾਟਣ, ਬਾਂਹ ਟੁੱਟਣ, ਜਬਾੜੇ 'ਤੇ ਸੱਟ ਅਤੇ ਹੱਥ ਦੀਆਂ ਉਂਗਲਾਂ 'ਤੇ ਸੱਟ ਗੰਭੀਰ ਸੱਟਾਂ ਦੱਸੀਆਂ ਜਾਂਦੀਆਂ ਹਨ | ਥਾਣਾ ਕਿੱਲਿਆਂਵਾਲੀ ਦੀ ਮੁਖੀ ਕਰਮਜੀਤ ਕੌਰ ਨੇ ਗੋਲੀਆਂ ਚੱਲਣ, ਤਿੰਨ ਵਹੀਕਲਾਂ ਦੇ ਨੁਕਸਾਨੇ ਜਾਣ ਅਤੇ ਛੇ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ | ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਵਿਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |