ਫ਼ਰੀਦਕੋਟ, 27 ਮਈ (ਜਸਵੰਤ ਸਿੰਘ ਪੁਰਬਾ)-ਕਰੀਬ ਤਿੰਨ ਮਹੀਨੇ ਪਹਿਲਾਂ ਫ਼ਰੀਦਕੋਟ ਦੇ ਪਿੰਡ ਹਰੀ ਨੌ ਵਿਖੇ ਦੋ ਸਕੇ ਕਿਸਾਨ ਭਰਾਵਾਂ ਵਲੋਂ ਕਿਸਾਨੀ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ ਸੀ | ਜਿਸ ਤੋਂ ਬਾਅਦ ਲਗਾਤਾਰ ਕਿਸਾਨ ਜਥੇਬੰਦੀਆਂ ਵਲੋਂ ਕਿਸਾਨੀ ਕਰਜ਼ਿਆਂ ਨੂੰ ਲੈ ਕੇ ਅਤੇ ਬੈਂਕਾਂ ਵਲੋਂ ਕੀਤੀ ਜਾ ਰਹੀ ਕਿਸਾਨਾਂ ਨਾਲ ਧੱਕੇਸ਼ਾਹੀ ਦੇ ਖਿਲਾਫ਼ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ | ਕਿਸਾਨ ਜਥੇਬੰਦੀ ਬੀਕੇਯੂ ਸਿੱਧੂਪੁਰ ਵਲੋਂ ਪੀਏਡੀਬੀ ਬੈਂਕਾਂ ਦੇ ਬਾਹਰ ਧਰਨੇ ਲਗਾਏ ਹੋਏ ਹਨ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਤੋਂ ਕਰਜ਼ੇ ਦਿੱਤੇ ਜਾਣ ਸਮੇਂ ਲਏ ਹੋਏ ਚੈੱਕ ਵਾਪਸ ਕੀਤੇ ਜਾਣ, ਕਿਸਾਨਾਂ ਦੀ ਵਨ ਟਾਈਮ ਸੈਟਲਮੈਂਟ ਕਰ ਉਨ੍ਹਾਂ ਨੂੰ ਕਰਜ਼ੇ ਤੋਂ ਨਿਜਾਤ ਦਿਵਾਈ ਜਾਵੇ ਅਤੇ ਜਿਨ੍ਹਾਂ ਕਿਸਾਨਾਂ ਦੇ ਖਿਲਾਫ਼ ਮਾਮਲੇ ਦਰਜ ਕੀਤੇ ਗਏ ਹਨ ਉਨ੍ਹਾਂ ਨੂੰ ਵਾਪਸ ਲਿਆ ਜਾਵੇ | ਅੱਜ ਫ਼ਰੀਦਕੋਟ ਵਿਖੇ ਬੀਕੇਯੂ ਸਿੱਧੂਪੁਰ ਜਥੇਬੰਦੀ ਦੇ ਸਮੂਹ ਜ਼ਿਲਿ੍ਹਆਂ ਦੇ ਪ੍ਰਧਾਨਾਂ ਵਲੋਂ ਇਕ ਮੀਟਿੰਗ ਕੀਤੀ ਗਈ | ਜਿਸ 'ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ ਫ਼ੈਸਲਾ ਲਿਆ ਗਿਆ ਕਿ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ 1 ਜੂਨ ਨੂੰ ਮੁਹਾਲੀ ਵਿਖੇ ਰਜਿਸਟਰਾਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ 29 ਮਈ ਨੂੰ ਸਾਰੇ ਜ਼ਿਲਿ੍ਹਆਂ ਦੇ ਆਗੂ ਆਪਣੇ ਆਪਣੇ ਵਰਕਰਾਂ ਨਾਲ ਮੀਟਿੰਗ ਕਰਨਗੇ ਅਤੇ ਇਸ ਪ੍ਰੋਟੈਸਟਰ ਦੀ ਰੂਪ ਰੇਖਾ ਤਿਆਰ ਕਰਨਗੇ ਅਤੇ 1 ਜੂਨ ਨੂੰ ਵੱਡੀ ਗਿਣਤੀ ਵਿਚ ਕਿਸਾਨ ਇਕੱਠੇ ਹੋ ਕੇ ਮੋਹਾਲੀ ਵਿਖੇ ਪੀਏਡੀਬੀ ਬੈਂਕ ਦੇ ਰਜਿਸਟਰਾਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਸਾਫ਼ ਕੀਤਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਬੈਂਕਾਂ ਦੇ ਬਾਹਰ ਲੱਗੇ ਧਰਨੇ ਇਸੇ ਤਰ੍ਹਾਂ ਜਾਰੀ ਰਹਿਣਗੇ |