ਫ਼ਰੀਦਕੋਟ, 27 ਮਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਪਿੰਡ ਮਹਿਮੂਆਣਾ ਨਜ਼ਦੀਕ ਅੱਜ ਇਕ ਸਵੇਰੇ ਦਰਦਨਾਕ ਹਾਦਸੇ ਦੌਰਾਨ ਦੋ ਨੌਜਵਾਨ ਮੋਟਰਸਾਈਕਲ ਸਵਾਰਾਂ ਦੀ ਜਾਨ ਚਲੀ ਗਈ | ਮਿਲੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ 4 ਵਜੇ ਇਕ ਆਈ-20 ਕਾਰ ਵਲੋਂ ਇਕ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ 'ਤੇ ਦੋ ਨੌਜਵਾਨ ਸਵਾਰ ਸਨ | ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਟੱਕਰ ਤੋਂ ਬਾਅਦ ਦੋਨਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਦੋਨੋਂ ਨੌਜਵਾਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਮਹਿਜ਼ 19 ਸਾਲ ਦੀ ਉਮਰ ਦੇ ਸਨ, ਵਜੋਂ ਹੋਈ ਜੋ ਪਿੰਡ ਮਹਿਮੂਆਣਾ ਦੇ ਹੀ ਰਹਿਣ ਵਾਲੇ ਸਨ | ਦੋਨੋਂ ਨੌਜਵਾਨ ਪੱਲੇਦਾਰੀ ਦਾ ਕੰਮ ਕਰਦੇ ਸਨ ਜੋ ਸਵੇਰੇ ਆਪਣੇ ਕੰਮ ਲਈ ਫ਼ਰੀਦਕੋਟ ਆ ਰਹੇ ਸਨ ਤਾਂ ਸਾਹਮਣੇ ਆ ਰਹੀ ਇਕ ਆਈ-20 ਕਾਰ ਵਲੋਂ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਫਿਲਹਾਲ ਪੁਲਿਸ ਵਲੋਂ ਦੋਨੋਂ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਮੈਡੀਕਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਜਿੱਥੇ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ | ਪੁਲਿਸ ਵਲੋਂ ਕਾਰ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਦਰਮਿਆਨ ਕਾਰ ਚਾਲਕ ਫ਼ਰਾਰ ਦੱਸਿਆ ਜਾ ਰਿਹਾ ਹੈ | ਮਿ੍ਤਕਾਂ ਦੇ ਭਰਾ ਗੁਰਭੇਜ ਸਿੰਘ ਅਤੇ ਚਾਚਾ ਨਿਰਮਲ ਸਿੰਘ ਨੇ ਦੱਸਿਆ ਕਿ ਜਸ਼ਨਪ੍ਰੀਤ ਅਤੇ ਗੁਰਪ੍ਰੀਤ ਜੋ ਦੋਨੋਂ ਆਂਢ-ਗੁਆਂਢ 'ਚ ਰਹਿੰਦੇ ਸਨ ਅਤੇ ਪੱਲੇਦਾਰੀ ਦਾ ਕੰਮ ਕਰਦੇ ਸਨ | ਅੱਜ ਸਪੈਸ਼ਲ ਲੱਗੀ ਹੋਣ ਕਾਰਨ ਦੋਨੋਂ ਸਵੇਰੇ ਜਲਦੀ ਘਰੋਂ ਕੰਮ 'ਤੇ ਜਾਣ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਪਿੰਡ ਦੀ ਮੇਨ ਸੜਕ 'ਤੇ ਚੜ੍ਹੇ ਹੀ ਸਨ ਕੇ ਸਾਹਮਣੇ ਤੋਂ ਆ ਰਹੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ | ਜਿਸ ਕਾਰਨ ਦੋਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਉਨ੍ਹਾਂ ਮੰਗ ਕੀਤੀ ਕਿ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |