28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਮਲੋਟ ਵਿਖੇ ਨਗਰ ਕੌਂਸਲ ਦੀ ਕਮੇਟੀ ਬਣਾਉਣ ਲਈ ਤਾਣੀ ਉਲਝੀ

Ad Position 21
No active advertisement
ਅਜੀਤ ਡੈਸਕ 03-06-2026
ਮਲੋਟ, 2 ਜੂਨ (ਅਜਮੇਰ ਸਿੰਘ ਬਰਾੜ)-ਨਗਰ ਪਾਲਿਕਾ ਮਲੋਟ ਦੀ ਹੋਈ ਚੋਣ ਉਪਰੰਤ ਆਮ ਆਦਮੀ ਪਾਰਟੀ ਦੇ 12, ਕਾਂਗਰਸ ਦੇ 8 ਅਤੇ ਸ਼੍ਰੋਮਣੀ ਅਕਾਲੀ ਦਲ ਦੇ 7 ਮੈਂਬਰ ਜਿੱਤੇ | ਇਸ ਤਰ੍ਹਾਂ ਸਪੱਸ਼ਟ ਬਹੁਮਤ ਕਿਸੇ ਵੀ ਪਾਰਟੀ ਨੂੰ ਨਾ ਮਿਲਣ ਕਰਕੇ ਸਥਿਤੀ ਰਾਜਨੀਤਿਕ ਤੌਰ 'ਤੇ ਦਿਲਚਸਪ ਤੇ ਗੁੰਜਲਦਾਰ ਵੀ ਬਣ ਗਈ ਹੈ | 12 ਉਮੀਦਵਾਰ ਜਿੱਤ ਕੇ ਆਮ ਆਦਮੀ ਪਾਰਟੀ ਅਤੇ ਵਿਸ਼ੇਸ਼ ਤੌਰ 'ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਆਪਣੀ ਇਕ ਵੋਟ ਨੂੰ ਜੋੜਦਿਆਂ ਮਲੋਟ ਵਿਖੇ ਕਮੇਟੀ ਬੁਲਾਉਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ | ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਦੇ ਕਿਸੇ ਮੈਂਬਰ ਨੂੰ ਅਹੁਦੇ ਦਾ ਲਾਲਚ ਜਾਂ ਹੋਰ ਕਿਸੇ ਕਾਰਨ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਇਹ ਬਹੁਤ ਮੰਦਭਾਗਾ ਹੋਵੇਗਾ | ਇਸੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਵਲੋਂ ਜਿੱਤੇ ਹੋਏ ਉਮੀਦਵਾਰਾਂ ਨੂੰ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਾ ਕੇ ਅਸ਼ੀਰਵਾਦ ਦਿਵਾਇਆ ਗਿਆ ਅਤੇ ਅਗਲੀ ਰਣਨੀਤੀ 'ਤੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਡੱਟ ਕੇ ਖੜੇ੍ਹ ਰਹਿਣ ਲਈ ਪ੍ਰੇਰਿਆ | ਇਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦੀ ਅਗਵਾਈ ਵਿਚ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਿਲੇ | ਇਸ ਮੌਕੇ ਰਾਜਾ ਵੜਿੰਗ ਵਲੋਂ ਵੀ ਉਨ੍ਹਾਂ ਨੂੰ ਕਾਂਗਰਸ ਪਾਰਟੀ ਨਾਲ ਖੜੇ੍ਹ ਰਹਿਣ ਲਈ ਆਖਿਆ ਗਿਆ ਹੈ | ਆਪੋ-ਆਪਣੀਆਂ ਪਾਰਟੀਆਂ ਵਿਚ ਮਜਬੂਤੀ ਨਾਲ ਖੜੇ੍ਹ ਰਹਿਣ ਲਈ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸੀਨੀਅਰ ਆਗੂਆਂ ਦਾ ਆਸਰਾ ਲਿਆ ਜਾ ਰਿਹਾ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੱਤੇ ਹੋਏ ਉਮੀਦਵਾਰ ਸਿੱਧੇ ਪਾਰਟੀ ਪ੍ਰਧਾਨਾਂ ਦੇ ਖੰਭਾਂ ਹੇਠ ਰਹਿਣ | ਉਧਰ ਸਮੇਂ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਕਿਸੇ ਨਾ ਕਿਸੇ ਆਗੂ ਵਲੋਂ ਨਿੱਤ ਦਾਅਵਾ ਕੀਤਾ ਜਾ ਰਿਹਾ ਕਿ ਬਹੁਤ ਜਲਦ ਆਮ ਆਦਮੀ ਪਾਰਟੀ ਦੀ ਕਮੇਟੀ ਬਣੇਗੀ | ਨਿੱਤ ਕਿਸੇ ਨਾ ਕਿਸੇ ਨਾਮ ਦੀ ਚਰਚਾ ਹੁੰਦੀ ਹੈ ਕਿ ਇਹ ਇਸ ਪਾਰਟੀ ਦਾ ਉਮੀਦਵਾਰ ਆਮ ਆਦਮੀ ਵਿਚ ਜਾਵੇਗਾ | ਕਾਂਗਰਸ ਦੇ ਦੋ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਉਮੀਦਵਾਰ ਦੇ ਜਾਣ ਦੀ ਚਰਚਾ ਬਹੁਤ ਜ਼ੋਰਾਂ 'ਤੇ ਚੱਲ ਰਹੀ ਹੈ | ਦੂਜੇ ਪਾਸੇ ਕਾਂਗਰਸੀ ਆਗੂਆਂ ਤੇ ਜਿੱਤੇ ਹੋਏ ਉਮੀਦਵਾਰਾਂ ਅਤੇ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਹੋਏ ਉਮੀਦਵਾਰਾਂ ਵਲੋਂ ਬਹੁਤ ਮਜ਼ਬੂਤ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਜਿੱਤੇ ਹੋਏ ਉਮੀਦਵਾਰ ਕਿਸੇ ਹੋਰ ਪਾਰਟੀ ਵਿਸ਼ੇਸ਼ ਤੌਰ 'ਤੇ ਆਮ ਆਦਮੀ ਪਾਰਟੀ ਵੱਲ ਨਹੀਂ ਜਾਣਗੇ | ਪਿਛਲੇ ਵਾਰ ਪੰਜ ਸਾਲ ਚੱਲੀ ਨਗਰ ਪਾਲਿਕਾ ਵਿਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਰਲਮਿਲ ਕੇ ਕਮੇਟੀ ਚਲਾਉਂਦੇ ਰਹੇ ਹਨ ਅਤੇ ਇਸ ਵਾਰੀ ਵੀ ਉਮੀਦ ਕੀਤੀ ਜਾਂਦੀ ਹੈ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦੇ ਮੈਂਬਰਾਂ ਦਾ ਜੋੜ 15 ਬਣਦਾ ਹੈ, ਕਮੇਟੀ ਬਣਾ ਸਕਦੇ ਹਨ ਪਰ ਇਸ ਵਿਚ ਦੋਵਾਂ ਧਿਰਾਂ ਨੂੰ ਆਪਣੇ ਮੈਂਬਰਾਂ ਵਲੋਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਕਾਂਗਰਸੀ ਕੌਂਸਲਰ, ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਵਿਚੋਂ ਪ੍ਰਧਾਨ ਤੇ ਉਪ ਪ੍ਰਧਾਨ ਕੌਣ ਬਣੇਗਾ ਇਸ ਸੰਬੰਧੀ ਵੀ ਅਜੇ ਤੱਕ ਇਕਜੁੱਟਤਾ ਨਾਲ ਰਾਇ ਬਣਦੀ ਨਜ਼ਰ ਨਹੀਂ ਆ ਰਹੀ | ਨਗਰਪਾਲਿਕਾ ਮਲੋਟ ਦੀ ਰਾਜਨੀਤੀ ਪੂਰੀ ਸਰਗਰਮ ਹੈ ਅਤੇ ਅਗਲੇ ਦਿਨਾਂ ਵਿਚ ਊਠ ਕਿਸ ਕਰਵਟ ਬੈਠਦਾ ਹੈ, ਇਸ 'ਤੇ ਸਭ ਦੀ ਨਜ਼ਰ ਟਿਕੀ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਟਰੇਡ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਸੰਗਰੂਰ ਦੇ ਡੀ.ਸੀ. ਅਤੇ ਐਸ.ਐਸ. ਪੀ. ਨਾਲ ਮੀਟਿੰਗ
Ad Position 24