ਮਲੋਟ, 2 ਜੂਨ (ਅਜਮੇਰ ਸਿੰਘ ਬਰਾੜ)-ਡੈਮੋਕ੍ਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਵਲੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਨੁਮਾਇੰਦੇ ਰਾਹੀਂ ਵਣ ਮੰਤਰੀ ਪੰਜਾਬ ਦੇ ਨਾਂਅ ਲੰਬੇ ਸਮੇਂ ਤੋਂ ਲਟਕ ਰਹੀਆਂ ਮੁੱਖ ਮੰਗਾਂ ਦੇ ਹੱਲ ਲਈ ਅਧਿਕਾਰਕ ਮੰਗ-ਪੱਤਰ ਸੌਂਪਿਆ | ਮੱਖਣ ਸਿੰਘ, ਦਲੀਪ ਕੁਮਾਰ, ਜਤਿੰਦਰ ਭੱਟੀ, ਧਰਮਚੰਦ, ਗੁਰਮੇਲ ਸਿੰਘ ਲੰਬੀ, ਗੁਰਮੇਲ ਸਿੰਘ ਜੰਡੋ ਕੇ, ਮਹਿੰਗਾ ਸਿੰਘ ਦੀ ਅਗਵਾਈ ਹੇਠ ਦਿੱਤੇ ਮੰਗ ਪੱਤਰ ਬਾਰੇ ਆਗੂਆਂ ਨੇ ਦੱਸਿਆ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਨੂੰ ਖਤਰੇ ਵਾਲੇ ਵਿਭਾਗਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਵਲੋਂ ਕੱਚੇ ਅਤੇ ਦਿਹਾੜੀਦਾਰ ਵਰਕਰਾਂ ਵਜੋਂ 10 ਸਾਲ ਸੇਵਾ ਪੂਰੀ ਕਰ ਚੁੱਕੇ ਸਮੂਹ ਵਰਕਰਾਂ ਨੂੰ ਪੱਕਾ ਕਰਨ ਲਈ ਬਣਾਏ ਗਏ 16-05-2023 ਦੇ ਐਕਟ ਵਿਚ ਸੋਧ ਕਰਕੇ ਸਫ਼ਾਈ ਕਾਮਿਆਂ ਨਾਲ ਕੀਤੇ ਗਏ ਫ਼ੈਸਲੇ ਅਨੁਸਾਰ ਜੰਗਲਾਤ ਵਿਭਾਗ ਅੰਦਰ 3 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਅਨਪੜ੍ਹ ਵਰਕਰਾਂ ਸਮੇਤ ਸਮੂਹ ਦਿਹਾੜੀਦਾਰ ਵਰਕਰਾਂ ਨੂੰ ਵੀ ਕਵਰ ਕੀਤਾ ਜਾਵੇ | ਸਿਵਲ ਰਿਟ ਪਟੀਸ਼ਨ ਦੇ ਫ਼ੈਸਲੇ ਅਨੁਸਾਰ ਪਟੀਸ਼ਨਰਾਂ ਤੋਂ ਇਲਾਵਾ ਵਿਭਾਗ ਦੇ ਬਾਕੀ ਸਮੂਹ ਪਟੀਸ਼ਨਰਾਂ ਅਤੇ ਨਾਨ ਪਟੀਸ਼ਨਰਾਂ ਨੂੰ ਵੀ ਉਨ੍ਹਾਂ ਦੇ 10 ਸਾਲ ਪੂਰੇ ਹੋਣ ਦੀ ਮਿਤੀ ਤੋਂ ਪੱਕਾ ਕੀਤਾ ਜਾਵੇ | ਇਹ ਵੀ ਮੰਗ ਕੀਤੀ ਗਈ ਕਿ ਵਿਭਾਗ ਦੇ ਕੱਚੇ ਵਰਕਰਾਂ ਦੀ ਸੀਨੀਆਰਤਾ ਸੂਚੀ (ਹਰੇਕ ਮਹੀਨੇ ਦੇ 26 ਦਿਨ ਦੀ ਬਜਾਏ 30 ਦਿਨ ਗਿਣ ਕੇ) 31-03-2026 ਤੱਕ ਪੂਰੀ ਕੀਤੀ ਜਾਵੇ, ਕਿਉਂਕਿ 15ਵੀਂ ਕੌਮਾਂਤਰੀ ਲੇਬਰ ਕਾਨਫਰੰਸ ਦੇ ਫ਼ੈਸਲੇ ਮੁਤਾਬਿਕ ਐਤਵਾਰ ਦੀ ਛੁੱਟੀ ਗਿਣਨਯੋਗ ਹੈ | ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਹੈ ਕਿ ਰਿਕਾਰਡ ਵਿਚ ਗੈਪ ਵਾਲੇ ਵਰਕਰਾਂ ਨੂੰ ਕਵਰ ਕਰਨ ਲਈ ਵਿਭਾਗ ਵਿਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਵਰਕਰਾਂ ਵਲੋਂ ਕੀਤੇ ਗਏ ਕੰਮ ਦੇ 10 ਸਾਲ ਪੂਰੇ ਕਰਨ ਲਈ ਪ੍ਰਤੀ ਸਾਲ 240 ਦਿਨ ਗਿਣਨ ਦੀ ਬਜਾਏ ਲਗਾਤਾਰ 2400 ਦਿਨ ਗਿਣੇ ਜਾਣ ਤੇ ਜੰਗਲਾਤ ਵਿਭਾਗ ਵਿਚ ਠੇਕੇਦਾਰੀ ਪ੍ਰਥਾ ਨੂੰ ਲਾਗੂ ਕਰਨ ਵਾਲੇ 16-04-2026 ਦੇ ਪੱਤਰ ਨੂੰ ਫ਼ੌਰੀ ਰੱਦ ਕੀਤਾ ਜਾਵੇ ਅਤੇ ਸਾਰੇ ਵਿਭਾਗੀ ਕੰਮ ਵਿਭਾਗੀ ਸਕੀਮਾਂ ਰਾਹੀਂ ਕਰਵਾਏ ਜਾਣ | ਇਹ ਵੀ ਮੰਗ ਕੀਤੀ ਗਹੀ ਕਿ ਪੱਕੇ ਕੀਤੇ ਗਏ 884 ਵਰਕਰਾਂ ਨੂੰ 15000/- ਰੁਪਏ ਉੱਕਾ ਪੁੱਕਾ ਤਨਖਾਹ ਦੀ ਬਜਾਏ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਬਣਦੀ 18000/- ਬੇਸਿਕ ਪੇਅ ਤੋਂ ਇਲਾਵਾ ਡੀ.ਏ, ਹਾਊਸ ਰੈਂਟ ਅਤੇ ਹੋਰ ਭੱਤੇ ਵੀ ਦਿੱਤੇ ਜਾਣ | ਇਸ ਮੌਕੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ, ਮਾਸਟਰ ਨਰਿੰਦਰਪ੍ਰੀਤ ਸਿੰਘ, ਜੰਗਲਾਤ ਵਰਕਰ ਪ੍ਰੀਤਮ ਸਿੰਘ, ਗੁਰਮੇਜ ਸਿੰਘ, ਰਕੇਸ਼ ਕੁਮਾਰ, ਸੁਖਾ ਸਿੰਘ, ਚਰਨਜੀਤ ਕੌਰ, ਗੁਰਮੀਤ ਕੌਰ, ਬਨਵਾਰੀ ਲਾਲ, ਕਿ੍ਸ਼ਨ ਕੁਮਾਰ, ਸੀਤਾ ਰਾਮ, ਗੁਰਮੇਲ ਸਿੰਘ, ਗੰਗੀ ਸਿੰਘ, ਦਰਸ਼ਨ ਸਿੰਘ, ਮੋਹਨ ਲਾਲ ਆਦਿ ਹਾਜ਼ਰ ਸਨ |