ਸ੍ਰੀ ਮੁਕਤਸਰ ਸਾਹਿਬ, 19 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਖ਼ਾਲੀ ਪਏ ਪਲਾਟਾਂ ‘ਚ ਰੁਪਾਣਾ ਪੇਪਰ ਮਿੱਲ ਦੀ ਵੇਸਟਜ ਚਿੱਟਾ ਚੂਨਾ ਜਿਹਾ ਅਤੇ ਸੁਆਹ ਦੀ ਭਰਤੀ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸੜਕਾਂ ਦੇ ਪਾਸੀਂ ਡੂੰਘੇ ਥਾਂ ਵੀ ਇਸ ਵੇਸਟਜ ਨਾਲ ਭਰੇ ਜਾ ਰਹੇ ਹਨ। ਸਥਾਨਕ ਕਿਰਤ ਨਗਰ ਵਿਚ ਆਸਪਾਸ ਰਹਿੰਦੇ ਲੋਕਾਂ ਨੇ ਇਤਰਾਜ਼ ਜਤਾਇਆ ਕਿ ਖ਼ਾਲੀ ਪਲਾਟਾਂ ਵਿਚ ਸੁੱਟੀ ਜਾਂਦੀ ਕਾਲੀ ਸਵਾਹ ਤੋਂ ਇਲਾਵਾ ਚਿੱਟਾ ਚੂਨਾ ਜਿਹਾ ਹਨੇ੍ਹਰੀ ਵਿਚ ਪ੍ਰੇਸ਼ਾਨ ਕਰਦਾ ਹੈ। ਜੋ ਸਿਹਤ ਲਈ ਬਹੁਤ ਹਾਨੀਕਾਰਕ ਹੈ ਅਤੇ ਜੇਕਰ ਅੱਖਾਂ ਵਿਚ ਪੈ ਜਾਂਦਾ ਹੈ ਤਾਂ ਅੱਖਾਂ ਦੀ ਰੋਸ਼ਨੀ ਤੱਕ ਜਾ ਸਕਦੀ ਹੈ। ਲੋਕਾਂ ਨੇ ਕਿਹਾ ਕਿ ਇਹ ਕੈਮੀਕਲ ਯੁਕਤ ਭਰਤ ਬਹੁਤ ਖ਼ਤਰਨਾਕ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਖ਼ਤਮ ਕਰਦੀ ਹੈ ਅਤੇ ਨਾਲ ਹੀ ਜਦੋਂ ਨਲਕਾ ਵਗੈਰਾ ਜਾਂ ਬੋਰ ਲਾਉਣ ਲਈ ਹੇਠੋਂ ਪਾਣੀ ਕੱਢਿਆ ਜਾਂਦਾ ਹੈ ਤਾਂ ਇਹ ਹੌਲੀ-ਹੌਲੀ ਥੱਲੇ ਧਰਤੀ ਵਿਚ ਰਚ ਕੇ ਪਾਣੀ ਨੂੰ ਵੀ ਖ਼ਰਾਬ ਕਰ ਰਹੀ ਹੈ। ਸ਼ਹਿਰ ਵਿਚ ਬਹੁਤ ਪਲਾਟਾਂ ਅਤੇ ਮਲੋਟ ਰੋਡ ਤੋਂ ਇਲਾਵਾ ਬਠਿੰਡਾ ਰੋਡ ‘ਤੇ ਬਸਤੀ ਦੇ ਸਾਹਮਣੇ ਵੀ ਇਸ ਚਿੱਟੇ ਚੂਨੇ ਦੀ ਭਰਤ ਪਾਈ ਜਾ ਰਹੀ ਹੈ। ਇਸ ਸੰਬੰਧੀ ਸਰਕਾਰ ਤੇ ਪ੍ਰਸ਼ਾਸਨ ਬਿਲਕੁਲ ਚੁੱਪ ਹੈ। ਇਸ ਸੰਬੰਧੀ ਪੂਰੀ ਪੜਤਾਲ ਕਰਨੀ ਚਾਹੀਦੀ ਹੈ, ਇਸ ਦੇ ਨੁਕਸਾਨਾਂ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਚਣਾ ਚਾਹੀਦਾ ਹੈ ਅਤੇ ਜੇਕਰ ਧਰਤੀ ਤੇ ਮਨੁੱਖਤਾ ਲਈ ਖ਼ਤਰਨਾਕ ਹੈ ਤਾਂ ਇਸ ਨੂੰ ਤੁਰੰਤ ਰੋਕ ਦੇਣਾ ਚਾਹੀਦਾ ਹੈ। ਹਨੇ੍ਹਰੀ ਵਗਣ ਸਮੇਂ ਰਾਹਗੀਰਾਂ ਨੂੰ ਵੀ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਨੇੜੇ ਰਹਿੰਦੇ ਲੋਕਾਂ ਨੂੰ ਵੀ ਬਹੁਤ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਵਾਤਾਵਰਨ ਖ਼ਰਾਬ ਹੋ ਰਿਹਾ ਹੈ ਅਤੇ ਅਜਿਹਾ ਵਰਤਾਰਾ ਰੋਕਣ ਲਈ ਪ੍ਰਸ਼ਾਸਨ ਨੂੰ ਕਦਮ ਚੁੱਕਣੇ ਚਾਹੀਦੇ ਹਨ। ਹੁਣ ਨਾਲ ਲੱਗਦੇ ਪਿੰਡਾਂ ਦੇ ਖ਼ਾਲੀ ਪਲਾਟਾਂ ਵਿਚ ਵੀ ਇਹ ਵੇਸਟਜ ਸੁੱਟਣੀ ਸ਼ੁਰੂ ਕਰ ਦਿੱਤੀ ਗਈ ਹੈ।