ਫ਼ਰੀਦਕੋਟ, 19 ਜੂਨ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਫ਼ਰੀਦਕੋਟ ਵਿਚ 21 ਜੂਨ 2026 ਦਿਨ ਐਤਵਾਰ ਨੂੰ ਹੋਣ ਵਾਲੀ ਨੀਟ ਦੀ ਪ੍ਰੀਖਿਆ ਸਬੰਧੀ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਾ. ਮਹਿੰਦਰ ਸਿੰਘ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਅਤੇ ਪੀ.ਐਮ ਕੇਂਦਰੀ ਵਿਦਿਆਲਿਆ ਸਾਦਿਕ ਰੋਡ ਫ਼ਰੀਦੋਕਟ ਵਿਖੇ 21 ਜੂਨ 2026 ਨੂੰ ਹੋਣ ਵਾਲੀ ਨੀਟ ਦੀ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਜਿਸ ਲਈ ਜੈ ਅਮਨਦੀਪ ਗੋਇਲ ਨਾਇਬ ਤਹਿਸੀਲਦਾਰ ਜੈਤੋ ਨੂੰ ਡਾ. ਮਹਿੰਦਰ ਸਿੰਘ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਅਤੇ ਹਰਸ਼ਵੀਰ ਗੋਇਲ ਨਾਇਬ ਤਹਿਸੀਲਦਾਰ ਫ਼ਰੀਦਕੋਟ ਨੂੰ ਪੀ.ਐਮ ਕੇਂਦਰੀ ਵਿਦਿਆਲਿਆ ਦਾ ਨੋਡਲ ਅਫ਼ਸਰ ਲਗਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਨੂੰ ਪ੍ਰੀਖਿਆ ਕੇਂਦਰ ਵਿਚ ਸਾਫ਼-ਸਫ਼ਾਈ, ਸੈਂਟਰਾਂ ਵਿਖੇ ਤਜ਼ਰਬੇਕਾਰ ਸਟਾਫ਼, ਪੀਣ ਵਾਲੇ ਸਾਫ਼ ਪਾਣੀ, ਬਿਜਲੀ ਆਦਿ ਦੇ ਪ੍ਰਬੰਧਾਂ, ਪੁਲਿਸ ਵਿਭਾਗ ਨੂੰ ਸੁਰੱਖਿਆ ਪ੍ਰਬੰਧ, ਟਰੈਫ਼ਿਕ ਪੁਲਿਸ ਨੂੰ ਟਰੈਫ਼ਿਕ ਪਲਾਨ ਤਿਆਰ ਕਰਨ, ਬਿਜਲੀ ਵਿਭਾਗ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮੁਹੱਈਆ ਕਰਵਾਉਣ, ਸਿਵਲ ਸਰਜਨ ਦਫ਼ਤਰ ਨੂੰ ਮੈਡੀਕਲ ਟੀਮ ਤਾਇਨਾਤ ਕਰਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨੂੰ ਉਨ੍ਹਾਂ ਨਾਲ ਸਬੰਧਿਤ ਕੰਮਾਂ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਤਾਂ ਜੋ ਨੀਟ ਦੀ ਪ੍ਰੀਖਿਆ ਪੂਰੀ ਪਾਰਦਰਸ਼ਤਾ ਅਤੇ ਸੁਖਾਵੇਂ ਮਾਹੌਲ ਵਿਚ ਹੋਵੇ, ਇਸ ਲਈ ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਆਪੋ ਆਪਣੀਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 21 ਜੂਨ 2026 ਨੂੰ ਹੋਣ ਵਾਲੀ ਨੀਟ ਪ੍ਰੀਖਿਆ ਦੇ ਸਬੰਧ ਵਿਚ 20, 21 ਅਤੇ 22 ਜੂਨ 2026 ਨੂੰ ਵਿਦਿਆਰਥੀਆਂ ਸਮੇਤ ਇਕ ਅਟੈਂਡੰਟ ਨੂੰ ਪ੍ਰੀਖਿਆ ਕੇਂਦਰਾਂ ਤੱਕ ਜਾਣ ਅਤੇ ਵਾਪਿਸ ਆਉਣ ਲਈ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ.ਟੀ.ਸੀ. ਦੀਆਂ ਸਧਾਰਨ ਬੱਸਾਂ ਵਿਚ ਸਫ਼ਰ ਕਰਨ ਵਾਲੇ ਵਿਦਿਆਰਥੀਆਂ ਦੇ ਐਡਮਿਟ ਕਾਰਡ ਦੇਖਣ ਉਪਰੰਤ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸੰਦੀਪ ਮਲਹੋਤਰਾ, ਐਸ.ਪੀ. (ਐਚ) ਮਨਵਿੰਦਰਬੀਰ ਸਿੰਘ ਫ਼ਰੀਦਕੋਟ, ਐਸ.ਡੀ.ਐਮ. ਪੁਨੀਤ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜਨਾ ਕੌਂਸਲ, ਡਾ. ਸੁਨੀਲ ਕੁਮਾਰ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
21 ਜੂਨ ਨੂੰ ਹੋਣ ਵਾਲੀ ਨੀਟ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ
ਅਜੀਤ ਡੈਸਕ
20-06-2026