ਫ਼ਰੀਦਕੋਟ, 25 ਜੂਨ (ਜਸਵੰਤ ਸਿੰਘ ਪੁਰਬਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਕੈਬਨਿਟ ਮੰਤਰੀ (ਜੇਲ੍ਹਾਂ) ਡਾ. ਰਵਜੋਤ ਸਿੰਘ ਨੇ ਮਾਡਰਨ ਕੇਂਦਰੀ ਜੇਲ੍ਹ ਫ਼ਰੀਦਕੋਟ ਵਿਖੇ ਨਵੀਂ ਸਥਾਤ ਕੀਤੀ ਗਈ ਪੁਸਤਕ ਲਾਇਬ੍ਰੇਰੀ ਅਤੇ ‘ਰੇਡੀਓ ਉਜਾਲਾ’ ਦਾ ਉਦਘਾਟਨ ਕੀਤਾ। ਸਪੀਕਰ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ’ਚ ਕੈਦੀਆਂ ਦੇ ਜੀਵਨ ਵਿਚ ਸੁਧਾਰ ਤੇ ਅੱਗੇ ਭਵਿੱਖ ਵਧੀਆ ਬਣਾਉਣ ਲਈ ਵੱਖ-ਵੱਖ ਸੁਧਾਰ ਵਾਲੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਤੇ ਰੇਡੀਓ ਵਰਗੀਆਂ ਸਹੂਲਤਾਂ ਕੈਦੀਆਂ ਨੂੰ ਗਿਆਨ, ਸਿੱਖਿਆ ਅਤੇ ਮਨੋਰੰਜਨ ਦੇ ਨਾਲ-ਨਾਲ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। ਕੈਬਨਿਟ ਮੰਤਰੀ ਜੇਲ੍ਹਾਂ ਡਾ. ਰਵਜੋਤ ਸਿੰਘ ਨੇ ਕਿਹਾ ਕਿ ਜੇਲ੍ਹਾਂ ਨੂੰ ਸਿਰਫ਼ ਸਜ਼ਾ ਦੇ ਸਥਾਨ ਵਜੋਂ ਨਹੀਂ, ਸਗੋਂ ਸੁਧਾਰ ਘਰਾਂ ਵਜੋਂ ਦੇਖਣ ਦੀ ਲੋੜ ਹੈ। ਕੈਦੀਆਂ ਨੂੰ ਇੱਥੇ ਆਪਣੀ ਜ਼ਿੰਦਗੀ ਬਾਰੇ ਮੁੜ ਵਿਚਾਰ ਕਰਨ, ਆਪਣੇ ਹਾਲਾਤਾਂ ਨੂੰ ਸਮਝਣ ਤੇ ਆਪਣੇ ਆਪ ਵਿਚ ਸੁਧਾਰ ਲਿਆਉਣ ਦਾ ਮੌਕਾ ਮਿਲਦਾ ਹੈ। ਜੇਲ੍ਹ ਮੰਤਰੀ ਨੇ ਜੇਲ੍ਹ ਵਿਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਸੁਣੀਆਂ ਅਤੇ ਉਨ੍ਹਾਂ ਦੇ ਜਲਦ ਨਿਪਟਾਰੇ ਦਾ ਭਰੋਸਾ ਦਿੱਤਾ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਜੇਲ੍ਹਾਂ ਨੂੰ ਸੁਧਾਰ ਘਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਬਾਅਦ ਵਿਚੋਂ ਇੱਥੋਂ ਨਿਕਲ ਕੇ ਚੰਗੇ ਕੰਮ ਕਰਕੇ ਸਮਾਜ ਵਿਚ ਅਹਿਮ ਸਥਾਨ ਬਣਾਉਂਦੇ ਹਨ। ਕੈਦੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਤਹਿਤ ਮਲਵਈ ਗਿੱਧਾ ਪੇਸ਼ ਕੀਤਾ ਗਿਆ ਤੇ ਪੰਜਾਬੀ ਗੀਤਾਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੂੰ ਜੇਲ੍ਹ ਵਿਚ ਪਹੁੰਚਣ ’ਤੇ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਡੀ.ਆਈ.ਜੀ ਸੁਰਿੰਦਰ ਸਿੰਘ ਮੰਡ ਆਈ ਪੀ.ਐਸ. ਅਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਰਾਹੁਲ ਚਾਬਾ, ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਅਮਨਦੀਪ ਸਿੰਘ ਬਾਬਾ, ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਢਿੱਲੋਂ, ਰਾਜਦੀਪ ਸਿੰਘ ਬਰਾੜ ਐਡੀਸ਼ਨਲ ਸੁਪਰਡੈਂਟ ਤੋਂ ਇਲਾਵਾ ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।