ਮਲੋਟ, 25 ਜੂਨ (ਪਾਟਿਲ, ਅਜਮੇਰ ਸਿੰਘ ਬਰਾੜ)-ਕਈ ਦਿਨਾਂ ਤੋਂ ਚੱਲ ਰਹੀਆਂ ਰਾਜਨੀਤਕ ਕਿਆਸਰਾਈਆਂ ਤੇ ਚਰਚਾਵਾਂ ਉਪਰੰਤ ਆਖ਼ਰਕਾਰ ਨਗਰ ਕੌਂਸਲ ਮਲੋਟ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਨਗਰ ਕੌਂਸਲ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਲਈ ਹੋਈ ਪ੍ਰਕਿਰਿਆ ਦੌਰਾਨ ਵਾਰਡ ਨੰਬਰ 22 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਚੁਣੇ ਗਏ ਜੋਨੀ ਗਰਗ ਪੁੱਤਰ ਸਤਿਗੁਰ ਦੇਵ ਰਾਜ ਪੱਪੀ ਗਰਗ ਨੂੰ ਨਗਰ ਕੌਂਸਲ ਮਲੋਟ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਦੇ ਨਾਲ ਹੀ ਵਾਰਡ ਨੰਬਰ 2 ਤੋਂ ਚੁਣੇ ਗਏ ਜਸਮੀਤ ਸਿੰਘ ਬਰਾੜ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਵਾਰਡ ਨੰਬਰ 1 ਤੋਂ ਚੁਣੀ ਗਈ ਕੁਲਦੀਪ ਕੌਰ ਧਰਮਪਤਨੀ ਸੁਰਮੁਖ ਸਿੰਘ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਨਗਰ ਕੌਂਸਲ ਮਲੋਟ ਦੀ ਪ੍ਰਧਾਨਗੀ ਦੀ ਚੋਣ ਨੇ ਇਕ ਵਾਰ ਫ਼ਿਰ ਇਤਿਹਾਸ ਨੂੰ ਦੁਹਰਾਇਆ ਹੈ। ਕਰੀਬ 23 ਸਾਲ ਪਹਿਲਾਂ ਜੋਨੀ ਗਰਗ ਦੇ ਪਿਤਾ ਸਤਿਗੁਰ ਦੇਵ ਰਾਜ ਪੱਪੀ ਗਰਗ ਨਗਰ ਕੌਂਸਲ ਮਲੋਟ ਦੇ ਪ੍ਰਧਾਨ ਬਣੇ ਸਨ। ਹੁਣ 23 ਸਾਲਾਂ ਬਾਅਦ ਉਨ੍ਹਾਂ ਦੇ ਪੁੱਤਰ ਜੋਨੀ ਗਰਗ ਦੇ ਪ੍ਰਧਾਨ ਬਣਨ ਨਾਲ ਗਰਗ ਪਰਿਵਾਰ ਨੇ ਮੁੜ ਨਗਰ ਕੌਂਸਲ ਦੀ ਪ੍ਰਧਾਨਗੀ ਹਾਸਿਲ ਕਰ ਲਈ ਹੈ। ਖ਼ਾਸ ਗੱਲ ਇਹ ਵੀ ਹੈ ਕਿ ਜੋਨੀ ਗਰਗ ਦੀ ਧਰਮਪਤਨੀ ਸਾਰਿਕਾ ਗਰਗ ਵੀ ਵਾਰਡ ਨੰਬਰ 23 ਤੋਂ ਨਗਰ ਕੌਂਸਲਰ ਚੁਣੀ ਗਈ ਹੈ। ਜੋਨੀ ਗਰਗ ਨੂੰ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਸਤਿਗੁਰ ਦੇਵ ਰਾਜ ਪੱਪੀ ਗਰਗ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਵਾਲਾ ਪਲ ਹੈ। ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੱਤ ਅਤੇ ਕਾਂਗਰਸ ਪਾਰਟੀ ਦੇ ਅੱਠ ਕੌਂਸਲਰਾਂ ਨੇ ਚੋਣ ਪ੍ਰਕਿਰਿਆ ਵਿਚ ਹਿੱਸਾ ਨਹੀਂ ਲਿਆ। ਨਗਰ ਕੌਂਸਲ ਦੀਆਂ 27 ਵਾਰਡਾਂ ਵਿਚੋਂ 12 ਵਾਰਡਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਤੋਂ ਬਾਅਦ ਹੀ ਕੈਬਨਿਟ ਮੰਤਰੀ ਤੇ ਮਲੋਟ ਤੋਂ ਵਿਧਾਇਕਾ ਡਾ. ਬਲਜੀਤ ਕੌਰ ਨੇ ਪ੍ਰਧਾਨਗੀ ’ਤੇ ਆਪਣਾ ਦਾਅਵਾ ਪੇਸ਼ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਮਲੋਟ ਨਗਰ ਕੌਂਸਲ ਵਿਚ ਪ੍ਰਧਾਨ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਅਤੇ ਲੋਕਾਂ ਦੇ ਫ਼ੈਸਲੇ ਦਾ ਸਨਮਾਨ ਕੀਤਾ ਜਾਵੇਗਾ। ਨਗਰ ਕੌਂਸਲ ਦੀ ਚੋਣ ਪ੍ਰਕਿਰਿਆ ਸੰਪੰਨ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਨਿੱਜੀ ਸਹਾਇਕ ਅਰਸ਼ਦੀਪ ਸਿੰਘ ਸਿੱਧੂ ਨੇ ਮਾਰਕੀਟ ਕਮੇਟੀ ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਲੋਟ ਦੇ ਲੋਕਾਂ ਨੇ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਹੱਕ ਵਿਚ ਆਪਣਾ ਫ਼ਤਵਾ ਦੇ ਦਿੱਤਾ ਸੀ। ਜੋਨੀ ਗਰਗ ਦੇ ਨਗਰ ਕੌਂਸਲ ਮਲੋਟ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਵਰਕਰਾਂ ਨੇ ਇਕ-ਦੂਜੇ ਨੂੰ ਵਧਾਈਆਂ ਦੇ ਕੇ ਇਸ ਜਿੱਤ ਦਾ ਜਸ਼ਨ ਮਨਾਇਆ ।