ਫ਼ਰੀਦਕੋਟ, 3 ਜੁਲਾਈ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਮਰੀਜ਼ਾਂ ਨੂੰ ਹੋਰ ਸੁਰੱਖਿਅਤ ਅਤੇ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਵਲੋਂ 5 ਤੋਂ 7 ਜੁਲਾਈ 2026 ਤੱਕ ‘ਸਿਮੂਵਰਸ 2026’ ਨਾਮਕ ਤਿੰਨ ਰੋਜ਼ਾ ਰਾਸ਼ਟਰੀ ਕਾਨਫ਼ਰੰਸ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਦਾ ਮੁੱਖ ਉਦੇਸ਼ ਡਾਕਟਰਾਂ, ਸਰਜਨਾਂ, ਰੈਜ਼ੀਡੈਂਟ ਡਾਕਟਰਾਂ ਅਤੇ ਹੋਰ ਸਿਹਤ ਪੇਸ਼ੇਵਰਾਂ ਨੂੰ ਆਧੁਨਿਕ ਤਕਨੀਕ ਰਾਹੀਂ ਵਿਹਾਰਕ (ਹੈਂਡਜ਼-ਆਨ) ਸਿਖਲਾਈ ਦੇ ਕੇ ਇਲਾਜ ਦੀ ਗੁਣਵੱਤਾ ਅਤੇ ਮਰੀਜ਼ਾਂ ਦੀ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣਾ ਹੈ। ਅੱਜ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰੋ. (ਡਾ.) ਰਾਜੀਵ ਸੂਦ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਨੇ ਦੱਸਿਆ ਕਿ ਆਧੁਨਿਕ ਸਮੇਂ ਵਿਚ ਦੁਨੀਆਂ ਦੇ ਵਿਕਸਤ ਦੇਸ਼ਾਂ ਵਿਚ ਡਾਕਟਰਾਂ ਨੂੰ ਅਸਲ ਮਰੀਜ਼ਾਂ ’ਤੇ ਇਲਾਜ ਕਰਨ ਤੋਂ ਪਹਿਲਾਂ ਸਿਮੂਲੇਸ਼ਨ ਆਧਾਰਿਤ ਟਰੇਨਿੰਗ ਦਿੱਤੀ ਜਾਂਦੀ ਹੈ, ਜਿਸ ਨਾਲ ਉਹ ਨਵੇਂ ਅਤੇ ਜਟਿਲ ਇਲਾਜਾਂ ਦਾ ਵਾਰ-ਵਾਰ ਅਭਿਆਸ ਕਰ ਸਕਦੇ ਹਨ। ਇਸ ਨਾਲ ਇਲਾਜ ਦੌਰਾਨ ਗਲਤੀਆਂ ਦੀ ਸੰਭਾਵਨਾ ਘਟਦੀ ਹੈ ਅਤੇ ਮਰੀਜ਼ਾਂ ਨੂੰ ਹੋਰ ਸੁਰੱਖਿਅਤ ਅਤੇ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਮਿਲਦੀਆਂ ਹਨ। ਉਨ੍ਹਾਂ ਦੱਸਿਆ ਕਿ ਬੀ.ਐਫ.ਯੂ.ਐਚ.ਐਸ. ਨੇ ਇਕ ਅਤਿ-ਆਧੁਨਿਕ ਸਿਮੂਲੇਸ਼ਨ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਸਥਾਪਿਤ ਕੀਤਾ ਹੈ, ਜੋ ਪੰਜਾਬ ਸਰਕਾਰ ਅਤੇ ਸੀ.ਐੱਸ.ਆਰ. ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਹ ਦੇਸ਼ ਦੀਆਂ ਸਿਹਤ ਯੂਨੀਵਰਸਿਟੀਆਂ ਵਿਚ ਆਪਣੀ ਕਿਸਮ ਦੇ ਸਭ ਤੋਂ ਆਧੁਨਿਕ ਕੇਂਦਰਾਂ ਵਿਚੋਂ ਇਕ ਹੈ। ਕਾਨਫ਼ਰੰਸ ਵਿਚ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਕੈਬਨਿਟ ਮੰਤਰੀ (ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ), ਅਮਨ ਅਰੋੜਾ ਪੰਜਾਬ ਦੇ ਕੈਬਨਿਟ ਮੰਤਰੀ (ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ), ਡਾ. ਬਲਜੀਤ ਕੌਰ ਅਤੇ ਮਾਣਯੋਗ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਚੀਫ਼ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ, ਆਪਣੀ ਹਾਜ਼ਰੀ ਨਾਲ ਕਾਨਫਰੰਸ ਦੀ ਸ਼ੋਭਾ ਵਧਾਉਣਗੇ। ਇਸ ਤੋਂ ਇਲਾਵਾ ਡਾ. ਅਭਿਜਾਤ ਸ਼ੇਠ, ਚੇਅਰਮੈਨ, ਐਨ.ਐਮ.ਸੀ. ਅਤੇ ਪ੍ਰਧਾਨ, ਐਨ.ਬੀ.ਈ.ਐਮ.ਐਸ.; ਡਾ. ਅਨਿਲ ਕੁਮਾਰ ਜੇ. ਨਾਇਕ, ਨੈਸ਼ਨਲ ਪ੍ਰਧਾਨ, ਆਈ.ਐਮ.ਏ.; ਅਤੇ ਡਾ. ਯੱਗਨਾ ਉਨਮੇਸ਼ ਸ਼ੁਕਲਾ, ਚੇਅਰਮੈਨ ਨੈਸ਼ਨਲ ਕਮਿਸ਼ਨ ਫਾਰ ਅਲਾਈਡ ਐਂਡ ਹੈਲਥਕੇਅਰ ਪ੍ਰੋਫੈਸ਼ਨਜ਼ ਸਮੇਤ ਦੇਸ਼ ਦੇ ਪ੍ਰਮੁੱਖ ਮੈਡੀਕਲ ਮਾਹਿਰ ਕਾਨਫਰੰਸ ਵਿਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਐਫ.ਓ.ਜੀ.ਐੱਸ.ਆਈ., ਏ.ਐੱਸ.ਆਈ. ਅਤੇ ਯੂ.ਐੱਸ.ਆਈ. ਵਰਗੀਆਂ ਪ੍ਰਮੁੱਖ ਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਦੇਸ਼ ਦੇ ਨਾਮਵਰ ਮੈਡੀਕਲ ਸੰਸਥਾਨਾਂ ਦੇ ਸੀਨੀਅਰ ਫੈਕਲਟੀ ਮੈਂਬਰ ਵੀ ਕਾਨਫ਼ਰੰਸ ਵਿਚ ਭਾਗ ਲੈਣਗੇ।