ਮੋਗਾ, 5 ਜੁਲਾਈ (ਗੁਰਤੇਜ ਸਿੰਘ ਬੱਬੀ)-ਇਕ ਪਾਸੇ ਸਿਹਤ ਵਿਭਾਗ ਪੰਜਾਬ ਸਰਕਾਰ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦੇਣ ਦੇ ਵੱਡੇ ਦਾਅਵੇ ਕਰਦਾ ਹੈ, ਪਰ ਇਨ੍ਹਾਂ ਸਰਕਾਰੀ ਹਸਪਤਾਲਾਂ ਵਿਚ ਵਰਤੀ ਜਾਂਦੀ ਲਾਪਰਵਾਹੀ ਵੱਲ ਪੰਜਾਬ ਸਰਕਾਰ ਦਾ ਕੋਈ ਧਿਆਨ ਨਹੀਂ ਤੇ ਇਹ ਲਾਪਰਵਾਹੀ ਕਈ ਵਾਰ ਮਰੀਜ਼ ਤੇ ਐਨੀ ਕੁ ਭਾਰੂ ਪੈਂਦੀ ਹੈ ਕਿ ਮਰੀਜ਼ ਨੂੰ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਜੇਕਰ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਸਿਵਲ ਹਸਪਤਾਲ ਮੋਗਾ ਵਿਚ ਕਥਿਤ ਤੌਰ ਤੇ ਵਰਤੀ ਜਾਂਦੀ ਲਾਪਰਵਾਹੀ ਦੀਆਂ ਖ਼ਬਰਾਂ ਅਕਸਰ ਸੁਣਨ ਤੇ ਅਖ਼ਬਾਰਾਂ ਵਿਚ ਪੜ੍ਹਨ ਨੂੰ ਮਿਲਦੀਆਂ ਹਨ ਅਤੇ ਅਜਿਹਾ ਹੀ ਇਕ ਹੋਰ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਕ ਗਰੀਬ ਪਰਿਵਾਰ ਨੇ ਜਣੇਪੇ ਤੋਂ ਬਾਅਦ ਹੋਈ ਔਰਤ ਦੀ ਮੌਤ ਲਈ ਗਾਇਨੀ ਦੇ ਡਾਕਟਰ ਉਪਿੰਦਰ ਸਿੰਘ ਤੇ ਇਹ ਦੋਸ਼ ਲਗਾਇਆ ਕਿ ਉਸ ਨੇ ਅਪ੍ਰੇਸ਼ਨ ਕਰਨ ਤੋਂ ਬਾਅਦ ਉਨ੍ਹਾਂ ਦੀ ਔਰਤ ਦੀ ਪਿਸ਼ਾਬ ਵਾਲੀ ਤੇ ਖੂਨ ਵਾਲੀ ਨਸ ਕੱਟ ਦਿੱਤੀ ਜੋ ਉਸ ਦੀ ਮੌਤ ਦਾ ਕਾਰਨ ਬਣੀ। ਹੈਰਤ-ਅੰਗੇਜ਼ ਗੱਲ ਇਹ ਹੈ ਕਿ ਮੌਤ ਤੋਂ ਕਈ ਦਿਨ ਭਟਕਣ ਤੋਂ ਬਾਅਦ ਜਦ ਕਿਸੇ ਵੀ ਸਿਹਤ ਅਧਿਕਾਰੀ ਨੇ ਉਨ੍ਹਾਂ ਦੀ ਗੱਲ ਨਾਂ ਸੁਣੀ ਤਾਂ ਪਰਿਵਾਰ ਨੇ ਪਿੰਡ ਦੀ ਗ੍ਰਾਮ ਪੰਚਾਇਤ ਪਿੰਡ ਵਾਸੀਆਂ ਤੇ ਸਰਪੰਚ ਕੁਲਦੀਪ ਸਿੰਘ ਤੇ ਜਥੇਬੰਦੀਆਂ ਨੂੰ ਨਾਲ ਲੈ ਕੇ ਧਰਨਾ ਲਗਾ ਕੇ ਸਿਹਤ ਪ੍ਰਸ਼ਾਸਨ ਤੇ ਉਕਤ ਡਾਕਟਰ ਦਾ ਪਿੱਟ ਸਿਆਪਾ ਕਰਕੇ ਨਾਅਰੇਬਾਜ਼ੀ ਕੀਤੀ। ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮਦਦ ਲਈ ਅੱਗੇ ਆਏ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਦੇ ਹਲਕਾ ਇੰਚਾਰਜ ਰਛਪਾਲ ਸਿੰਘ ਸੋਸਣ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਵਲੋਂ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਧਰਨਾ ਚੁੱਕ ਤਾਂ ਲਿਆ ਪਰ ਪਰਿਵਾਰ ਅਤੇ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸਿਵਲ ਹਸਪਤਾਲ ਮੋਗਾ ਵਿਚ ਲਾਸ ਰੱਖ ਕੇ ਧਰਨਾ ਲਗਾਉਣਗੇ। ਦੱਸ ਦੇਈਏ ਕਿ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਨਿਵਾਸੀ ਜਸਕਰਨ ਸਿੰਘ ਆਪਣੀ ਪਤਨੀ ਦਾ ਜਣੇਪਾ ਕਰਵਾਉਣ ਲਈ 24 ਜੂਨ ਨੂੰ ਸਿਵਲ ਹਸਪਤਾਲ ਮੋਗਾ ਲੈ ਕੇ ਆਇਆ ਸੀ ਅਤੇ 24 ਜੂਨ ਨੂੰ ਹੀ ਕਰੀਬ 10 ਵਜੇ ਉਸ ਦੇ ਅਪ੍ਰੇਸ਼ਨ ਨਾਲ ਇਕ ਲੜਕੀ ਨੇ ਜਨਮ ਲਿਆ ਪਰ ਕੁੱਝ ਸਮੇਂ ਬਾਅਦ ਜੱਚਾ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਰੈਫ਼ਰ ਕਰਕੇ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਾਹਿਬ ਮੈਡੀਕਲ ਹਸਪਤਾਲ ਭੇਜ ਦਿੱਤਾ। ਪਰਿਵਾਰਕ ਮੈਂਬਰ ਵਿਚ ਮ੍ਰਿਤਕ ਔਰਤ ਦੀ ਸੱਸ ਇਕਬਾਲ ਕੌਰ ਨੇ ਦੱਸਿਆ ਕਿ ਇਲਾਜ ਕਰ ਰਹੇ ਫ਼ਰੀਦਕੋਟ ਮੈਡੀਕਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਸ ਦੀ ਪਿਸ਼ਾਬ ਵਾਲੀ ਨਾੜੀ ਅਤੇ ਇਕ ਖੂਨ ਵਾਲੀ ਨਸ ਕੱਟੀ ਹੋਈ ਹੈ, ਇਸ ਲਈ ਉਸ ਦੀ ਹਾਲਤ ਗੰਭੀਰ ਅਤੇ ਖੂਨ ਸਰੀਰ ਵਿਚ ਬਹਿ ਜਾਣ ਕਾਰਨ ਉਸ ਦੇ ਸਰੀਰ ਵਿਚ ਇਨਫੈਕਸ਼ਨ ਵੱਡੇ ਪੱਧਰ ਤੇ ਫੈਲ ਗਈ ਹੈ ਅਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੀ ਆਖ਼ਰ 21 ਸਾਲਾ ਸੁਖਪ੍ਰੀਤ ਕੌਰ 1 ਜੁਲਾਈ ਨੂੰ ਜ਼ਿੰਦਗੀ ਲਈ ਲੜਾਈ ਲੜਦੀ ਹਾਰ ਗਈ ਅਤੇ ਇਸ ਘਟਨਾ ਨਾਲ ਇਲਾਕੇ ਵਿਚ ਡਰ ਅਤੇ ਸਹਿਮ ਦਾ ਮਾਹੌਲ ਛਾ ਗਿਆ। ਹੋਰ ਤਾਂ ਹੋਰ ਮਰਨ ਵਾਲੀ ਸੁਖਪ੍ਰੀਤ ਕੌਰ ਦੇ ਕੋਲ ਪਹਿਲਾਂ ਵੀ ਇਕ ਡੇਢ ਸਾਲਾ ਬੇਟੀ ਹੈ ਅਤੇ ਜੋ ਬੇਟੀ ਹੁਣ ਹੋਈ ਉਸ ਨੇ ਆਪਣੀ ਮਾਂ ਦਾ ਮੂੰਹ ਵੀ ਨਹੀਂ ਵੇਖਿਆ ਤੇ ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮੰਦਹਾਲੀ ਵਾਲੀ ਹੈ ਤੇ ਅਜਿਹੇ ਵਿਚ ਉਹ ਲਾਵਾਰਸ ਹੋ ਗਈਆਂ ਬੱਚੀਆਂ ਦਾ ਪਾਲਣ ਪੋਸ਼ਣ ਕਿਵੇਂ ਕਰਨਗੇ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਤੋਂ ਜਿੱਥੇ ਉਕਤ ਡਾਕਟਰ ਤੇ ਕਾਰਵਾਈ ਦੀ ਮੰਗ ਕੀਤੀ ਹੈ, ਉੱਥੇ ਬੱਚੀਆਂ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਇਸ ਘਟਨਾਕ੍ਰਮ ਨੂੰ ਲੈ ਕੇ ਜਦ ਡਾ. ਗਗਨਦੀਪ ਸਿੰਘ ਪ੍ਰਧਾਨ ਪੀ.ਸੀ.ਐਮ.ਐਸ. ਨਾਲ ਪੱਖ ਜਾਣਨ ਲਈ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਔਰਤ ਦੀ ਮੌਤ ਦਿਲ ਦੀ ਧੜਕਣ ਬੰਦ ਹੋ ਜਾਣ ਨਾਲ ਹੋਈ ਹੈ ਕਿਉਂਕਿ ਜਦੋਂ ਉਸ ਨੂੰ ਸਿਵਲ ਹਸਪਤਾਲ ਤੋਂ ਰੈਫ਼ਰ ਕੀਤਾ ਗਿਆ ਸੀ ਉਸ ਦੀ ਦਿਲ ਦੀ ਧੜਕਣ ਤੇਜ਼ ਹੋਣ ‘ਤੇ ਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੋ ਇਲਜ਼ਾਮ ਡਾਕਟਰ ਉੱਪਰ ਲਗਾਏ ਜਾ ਰਹੇ ਹਨ ਉਹ ਠੀਕ ਨਹੀਂ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਜੇਕਰ ਡਾਕਟਰ ਦੀ ਕੋਈ ਗ਼ਲਤੀ ਜਾਂ ਅਣਗਹਿਲੀ ਪਾਈ ਗਈ ਤਾਂ ਡਾਕਟਰ ਖ਼ਿਲਾਫ਼ ਸਿਹਤ ਵਿਭਾਗ ਦੀ ਕਾਰਵਾਈ ਅਮਲ ਵਿਚ ਜ਼ਰੂਰ ਲਿਆਂਦੀ ਜਾਵੇਗੀ। ਉਨ੍ਹਾਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ।
ਸਿਵਲ ਹਸਪਤਾਲ ਮੋਗਾ ’ਚ ਵਰਤੀ ਜਾਂਦੀ ਲਾਪਰਵਾਹੀ ਦੀ ਘਟਨਾ ਇਕ ਵਾਰ ਫਿਰ ਆਈ ਸਾਹਮਣੇ
ਅਜੀਤ ਡੈਸਕ
06-07-2026