03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਸ਼ਹਿਰ ਦੀਆਂ ਸਮੱਸਿਆਵਾਂ ਸੰਬੰਧੀ ਨਗਰ ਕੌਂਸਲ ਪ੍ਰਧਾਨ ਨੂੰ ਸੌਂਪਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 10-07-2026

ਸ੍ਰੀ ਮੁਕਤਸਰ ਸਾਹਿਬ, 9 ਜੁਲਾਈ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਵਿਚ ਸੁਧਾਰ ਤੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਦੀ ਮੰਗ ਨੂੰ ਲੈ ਕੇ ਵੱਖ-ਵੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ, ਸਮਾਜਿਕ ਜਥੇਬੰਦੀਆਂ ਅਤੇ ਸ਼ਹਿਰ ਦੇ ਪਤਵੰਤੇ ਲੋਕਾਂ ਦਾ ਵਫ਼ਦ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਡਾ. ਨਰੇਸ਼ ਪਰੂਥੀ ਦੀ ਅਗਵਾਈ ਹੇਠ ਨਵ-ਨਿਯੁਕਤ ਨਗਰ ਕੌਂਸਲ ਪ੍ਰਧਾਨ ਯੋਗਿਤਾ ਗੁੰਬਰ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਸ਼ਹਿਰ ਦੀਆਂ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ ਗਈ। ਵਫ਼ਦ ਨੇ ਕਿਹਾ ਕਿ ਸ਼ਹਿਰ ਦੇ ਕਈ ਇਲਾਕਿਆਂ ਵਿਚ ਸਫ਼ਾਈ ਪ੍ਰਬੰਧ ਤਸੱਲੀਬਖ਼ਸ਼ ਨਹੀਂ ਹਨ। ਥਾਂ-ਥਾਂ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਕਈ ਵਾਰਡਾਂ ਵਿਚ ਸੀਵਰੇਜ ਜਾਮ ਰਹਿਣ ਅਤੇ ਗੰਦਾ ਪਾਣੀ ਸੜਕਾਂ ’ਤੇ ਖੜ੍ਹਾ ਰਹਿਣ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਬਰਸਾਤ ਦੇ ਮੌਸਮ ਦੌਰਾਨ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਉਨ੍ਹਾਂ ਸੀਵਰੇਜ ਲਾਈਨਾਂ ਅਤੇ ਨਾਲਿਆਂ ਦੀ ਨਿਯਮਿਤ ਸਫ਼ਾਈ ਕਰਵਾਉਣ ਦੀ ਮੰਗ ਕੀਤੀ। ਸਮਾਜ ਸੇਵੀ ਸੰਸਥਾਵਾਂ ਨੇ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ, ਖ਼ਰਾਬ ਪਈਆਂ ਸਟਰੀਟ ਲਾਈਟਾਂ ਨੂੰ ਠੀਕ ਕਰਨ ਅਤੇ ਲੋੜ ਅਨੁਸਾਰ ਨਵੀਆਂ ਲਾਈਟਾਂ ਲਗਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਪਾਰਕਾਂ ਦੀ ਨਿਯਮਿਤ ਸਾਂਭ-ਸੰਭਾਲ, ਹਰਿਆਲੀ ਵਧਾਉਣ, ਵੱਧ ਤੋਂ ਵੱਧ ਬੂਟੇ ਲਗਾਉਣ, ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰਨ ਅਤੇ ਟ੍ਰੈਫ਼ਿਕ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਠੋਸ ਕਦਮ ਚੁੱਕਣ ਦੀ ਵੀ ਮੰਗ ਕੀਤੀ ਗਈ। ਮੰਗ ਪੱਤਰ ਵਿਚ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਮਜ਼ਬੂਤ ਕਰਨ, ਜਨਤਕ ਥਾਵਾਂ ਦੀ ਸਫ਼ਾਈ ਯਕੀਨੀ ਬਣਾਉਣ, ਨਾਜਾਇਜ਼ ਕਬਜ਼ੇ ਹਟਾਉਣ, ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਅਤੇ ਨਾਗਰਿਕ ਸਹੂਲਤਾਂ ਦਾ ਵਿਸਥਾਰ ਕਰਨ ਦੀ ਵੀ ਮੰਗ ਕੀਤੀ ਗਈ। ਵਫ਼ਦ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਕਾਰਨ ਆਮ ਲੋਕਾਂ ਨੂੰ ਰੋਜ਼ਾਨਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਨਗਰ ਕੌਂਸਲ ਨੂੰ ਪਹਿਲ ਦੇ ਆਧਾਰ ’ਤੇ ਇਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਯੋਗਿਤਾ ਗੁੰਬਰ ਨੇ ਵਫ਼ਦ ਵਲੋਂ ਰੱਖੀਆਂ ਗਈਆਂ ਸਾਰੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਮੰਗ ਪੱਤਰ ਵਿਚ ਦਰਜ ਹਰ ਮੁੱਦੇ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਮਸਲੇ ਨਗਰ ਕੌਂਸਲ ਦੇ ਪੱਧਰ ’ਤੇ ਹੱਲ ਹੋ ਸਕਦੇ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਜਲਦ ਨਿਪਟਾਇਆ ਜਾਵੇਗਾ, ਜਦਕਿ ਹੋਰ ਵਿਭਾਗਾਂ ਨਾਲ ਸੰਬੰਧਿਤ ਮਾਮਲੇ ਸੰਬੰਧਿਤ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਉਨ੍ਹਾਂ ਦਾ ਵੀ ਛੇਤੀ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਭਵਿੱਖ ਵਿਚ ਵੀ ਸ਼ਹਿਰ ਦੇ ਵਿਕਾਸ ਲਈ ਸਹਿਯੋਗ ਜਾਰੀ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਸੁਰਿੰਦਰ ਚਗਤੀ, ਸੰਜੀਵ ਖੇੜਾ, ਮਾਸਟਰ ਜਸਪਾਲ ਸਿੰਘ, ਦਵਿੰਦਰ ਗਾਂਧੀ, ਸੰਜੀਵ ਕੁਮਾਰ ਟਿੰਕੂ, ਗੁਰਮੁੱਖ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸੂਬਾ ਪੱਧਰੀ ਹੜਤਾਲ ਦੇ ਦੂਜੇ ਦਿਨ ਵੀ ਧਰਨੇ ’ਤੇ ਬੈਠੇ ਸਫ਼ਾਈ ਸੇਵਕ ਅਗਲੀ ਖ਼ਬਰ ਸਬ-ਡਵੀਜ਼ਨਲ ਹਸਪਤਾਲ ਤਪਾ ਦਾ ਸੀਨੀਅਰ ਮੈਡੀਕਲ ਅਫ਼ਸਰ ਡਾ: ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾ
Ad Position 24
No active advertisement