03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਸੂਬਾ ਪੱਧਰੀ ਹੜਤਾਲ ਦੇ ਦੂਜੇ ਦਿਨ ਵੀ ਧਰਨੇ ’ਤੇ ਬੈਠੇ ਸਫ਼ਾਈ ਸੇਵਕ

Ad Position 21
No active advertisement
ਅਜੀਤ ਡੈਸਕ 10-07-2026

ਫ਼ਰੀਦਕੋਟ, 9 ਜੁਲਾਈ (ਸਰਬਜੀਤ ਸਿੰਘ)-ਸਫਾਈ ਸੇਵਕ ਯੂਨੀਅਨ ਪੰਜਾਬ ਤੇ ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ ’ਤੇ ਪੰਜਾਬ ਸਰਕਾਰ ਖ਼ਿਲਾਫ਼ ਵਾਅਦਾ ਖਿਲਾਫ਼ੀ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਦੂਜੇ ਦਿਨ ਵੀ ਪੰਜਾਬ ਭਰ ਵਿਚ ਕੀਤੀ ਗਈ ਸਫਾਈ ਸੇਵਕਾਂ ਦੀ ਹੜਤਾਲ ਤਹਿਤ ਅੱਜ ਇਥੇ ਵੀ ਨਗਰ ਕੌਂਸਲ ਦਫ਼ਤਰ ਅੱਗੇ ਸਮੂਹ ਸਫ਼ਾਈ ਸੇਵਕਾਂ ਵਲੋਂ ਰੋਸ ਧਰਨਾ ਲਗਾਇਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਦੂਜੇ ਪਾਸੇ ਤਕਰੀਬਨ ਦੋ ਮਹੀਨਿਆਂ ਤੋਂ ਸ਼ਹਿਰ ਵਿਚ ਸਫਾਈ ਨਾ ਹੋਣ ਕਰਕੇ ਸ਼ਹਿਰਵਾਸੀ ਸੰਤਾਪ ਭੋਗ ਰਹੇ ਹਨ ਅਤੇ ਕੂੜੇ ਦੇ ਲੱਗੇ ਢੇਰਾਂ ਕਾਰਨ ਸ਼ਹਿਰਵਾਸੀਆਂ ਦਾ ਰਹਿਣਾ ਦੁੱਬਰ ਹੋ ਗਿਆ ਹੈ। ਜਗ੍ਹਾ ਜਗ੍ਹਾ ਨਾਲੀਆਂ ’ਚੋਂ ਗੰਦਾ ਪਾਣੀ ਸੜਕਾਂ ’ਤੇ ਆ ਗਿਆ ਹੈ ਅਤੇ ਸ਼ਹਿਰ ਵਿਚ ਬਿਮਾਰੀਆਂ ਫ਼ੈਲਣ ਵਾਲਾ ਆਲਮ ਹੋਇਆ ਪਿਆ ਹੈ। ਅੱਜ ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸੰਤ ਰਾਮ, ਰਾਹੁਲ ਕੁਮਾਰ ਖਜ਼ਾਨਚੀ ਤੇ ਕੁਲਦੀਪ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਸੰਬੰਧੀ ਵਾਰ-ਵਾਰ ਲਿਖਤੀ ਪੱਤਰ ਜਾਰੀ ਕਰਕੇ ਵੀ ਮੁੱਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਹਜ਼ਾਰਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵੱਡੇ ਵੱਡੇ ਪੋਸਟਰ ਲਗਾ ਰਿਹਾ ਹੈ, ਪ੍ਰੰਤੂ ਆਪਣੇ ਕਾਰਜਕਾਲ ਦੌਰਾਨ ਉਸ ਵਲੋਂ ਇਕ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਅਤੇ ਨਾ ਹੀ ਠੇਕੇਦਾਰੀ ਸਿਸਟਮ ਤੋਂ ਮੁਲਾਜ਼ਮਾਂ ਨੂੰ ਨਿਜ਼ਾਤ ਦਿਲਾਈ ਗਈ ਹੈ। ਉਨ੍ਹਾਂ ਕਿ ਮਾਨ ਸਰਕਾਰ ਦੇ ਸਾਰੇ ਦਾਅਵੇ ਝੂਠੇ ਅਤੇ ਖੋਖਲੇ ਹਨ। ਵਿੱਕੀ ਗੈਚੰਡ ਜ਼ਿਲ੍ਹਾ ਸੱਕਤਰ, ਮਨਦੀਪ ਕੁਮਾਰ, ਨਿਸ਼ਾਨ ਸਿੰਘ ਤੇ ਅਸ਼ਵਨੀ ਨੇ ਕਿਹਾ ਕਿ ਮਾਨ ਸਰਕਾਰ ਵਲੋਂ ਮੰਗਾਂ ਨਾ ਪੂਰੀਆਂ ਕਰਨ ’ਤੇ ਪੰਜਾਬ ਭਰ ਦੇ ਸਫਾਈ ਕਾਮੇ ਮੁੜ ਤੋਂ ਕੰਮ ਛੱਡ ਕੇ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਚਲੇ ਗਏ ਹਨ। ਆਗੂਆਂ ਵਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹੁਣ ਵੀ ਪੰਜਾਬ ਸਰਕਾਰ ਵਲੋਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਧਰਨੇ ਨੂੰ ਕੁਲਦੀਪ ਕੁਮਾਰ ਜਥੇਬੰਧਕ ਸਕੱਤਰ, ਸੰਜੇ ਕੁਮਾਰ ਮੀਤ ਪ੍ਰਧਾਨ, ਕਲਫੁ, ਪਰਮਾ ਨੰਦ, ਸੁਨੀਲ ਕੁਮਾਰ, ਵਿਕਾਸਦੀਪ, ਵਿਕਰਮ ਚੌਹਾਨ ਆਦਿ ਨੇ ਸੰਬੋਧਨ ਕੀਤਾ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼, ਪਨਬੱਸ/ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਹੜਤਾਲ ਅਗਲੀ ਖ਼ਬਰ ਸ਼ਹਿਰ ਦੀਆਂ ਸਮੱਸਿਆਵਾਂ ਸੰਬੰਧੀ ਨਗਰ ਕੌਂਸਲ ਪ੍ਰਧਾਨ ਨੂੰ ਸੌਂਪਿਆ ਮੰਗ ਪੱਤਰ
Ad Position 24
No active advertisement