ਸ੍ਰੀ ਮੁਕਤਸਰ ਸਾਹਿਬ, 9 ਜੁਲਾਈ (ਹਰਮਹਿੰਦਰ ਪਾਲ)-ਪੰਜਾਬ ਰੋਡਵੇਜ਼, ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੜਤਾਲ ਕੀਤੀ। ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਦੇ ਲਿਖ਼ਤੀ ਹੁਕਮਾਂ ਦੇ ਬਾਵਜੂਦ ਪਨਬੱਸ ਮੈਨੇਜਮੈਂਟ ਨੇ 15 ਫ਼ੀਸਦੀ ਤਨਖ਼ਾਹ ਵਾਧਾ ਲਾਗੂ ਨਹੀਂ ਕੀਤਾ। ਜਥੇਬੰਦੀ ਨੇ ਇਹ ਵੀ ਦੋਸ਼ ਲਗਾਇਆ ਕਿ 1 ਜੁਲਾਈ 2024 ਨੂੰ ਮੁੱਖ ਮੰਤਰੀ ਵਲੋਂ ਪਨਬੱਸ-ਪੀ.ਆਰ.ਟੀ.ਸੀ. ਦੀਆਂ ਮੰਗਾਂ ਦਾ ਇਕ ਮਹੀਨੇ ਵਿਚ ਨੀਤੀ ਬਣਾ ਕੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਸਰਕਾਰੀ ਬੱਸਾਂ ਸ਼ਾਮਿਲ ਕਰਨ ਦੇ ਹੁਕਮਾਂ ਦੀ ਥਾਂ ਕਿੱਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾਂ ਚਲਾਈਆਂ ਗਈਆਂ, ਜਦਕਿ ਸਰਕਾਰੀ ਬੱਸਾਂ ਅਜੇ ਤੱਕ ਨਹੀਂ ਪਾਈਆਂ ਗਈਆਂ। 30 ਜੂਨ 2023 ਨੂੰ ਮੁਲਾਜ਼ਮਾਂ ਦੀ ਬਹਾਲੀ ਸੰਬੰਧੀ ਹੋਏ ਹੁਕਮ ਵੀ ਲਾਗੂ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਪਨਬੱਸ ਮੈਨੇਜਮੈਂਟ ਲਗਾਤਾਰ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਨੂੰ ਅਣਦੇਖਾ ਕਰ ਰਹੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ 1 ਮਈ 2026 ਨੂੰ ਮਜ਼ਦੂਰ ਦਿਵਸ ਮੌਕੇ ਮੁੱਖ ਮੰਤਰੀ ਵਲੋਂ ਘੱਟੋ-ਘੱਟ ਉਜ਼ਰਤਾਂ ਵਿਚ 15 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਨੂੰ ਲਾਗੂ ਕਰਨ ਲਈ ਜਥੇਬੰਦੀ ਵਲੋਂ ਸਮੂਹ ਡੀਪੂਆਂ ਵਲੋਂ ਮੰਗ ਪੱਤਰ/ਨੋਟਿਸ ਦਿੱਤਾ ਗਿਆ ਹੈ ਕਿ ਘੱਟੋ-ਘੱਟ ਉਜ਼ਰਤਾਂ ਵਿਚ 15 ਫ਼ੀਸਦੀ ਵਾਧਾ ਐਡ ਕਰਕੇ ਤਨਖ਼ਾਹਾਂ ਪਾਈਆਂ ਜਾਣ, ਪ੍ਰੰਤੂ ਮੈਨੇਜਮੈਂਟ ਵਲੋਂ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਨੂੰ ਟਿੱਚ ਸਮਝਦਿਆਂ ਅਤੇ ਜਥੇਬੰਦੀ ਦੀ ਮੰਗ ਨੂੰ ਨਜ਼ਰਅੰਦਾਜ ਕਰਦਿਆਂ ਬਿਨਾਂ 15 ਫ਼ੀਸਦੀ ਵਾਧਾ ਐਡ ਕੀਤੇ ਤਨਖ਼ਾਹਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਜਥੇਬੰਦੀ ਵਲੋਂ ਸਖ਼ਤ ਵਿਰੋਧ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜੇਕਰ 15 ਫ਼ੀਸਦੀ ਵਾਧੇ ਤੋਂ ਬਿਨਾਂ ਤਨਖ਼ਾਹਾਂ ਜਾਰੀ ਕੀਤੀਆਂ ਗਈਆਂ ਤਾਂ ਤੁਰੰਤ ਡੀਪੂ ਬੰਦ ਕਰਕੇ ਮੈਨੇਜਮੈਂਟ ਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਪੰਜਾਬ ਰੋਡਵੇਜ਼, ਪਨਬੱਸ/ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਹੜਤਾਲ
ਅਜੀਤ ਡੈਸਕ
10-07-2026