ਬਾਜਾਖਾਨਾ, 9 ਜੁਲਾਈ (ਜੀਵਨ ਗਰਗ)-ਪਿੰਡ ਸੇਢਾ ਸਿੰਘ ਵਾਲਾ ਵਿਖੇ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਦੀ ਅਗਵਾਈ ’ਚ ਮੀਟਿੰਗ ਹੋਈ। ਮੀਟਿੰਗ ’ਚ ਉਨ੍ਹਾਂ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਲੀ-ਭੁਗਤ ਕਾਰਨ ਵੱਡੀ ਪੱਧਰ ’ਤੇ ਵੋਟਾਂ ਕੱਟੇ ਜਾਣ ਦੀ ਸੰਭਾਵਨਾ ਹੈ। ਢਿੱਲਵਾਂ ਨੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਉਹ ਆਪਣੇ ਪਿੰਡ ਦੇ ਕਾਂਗਰਸ ਪਾਰਟੀ ਵਲੋਂ ਨਿਯੁਕਤ ਕੀਤੇ ਬੀ. ਐਲ. ਏ.-2 ਨਾਲ ਸੰਪਰਕ ਕਰਨ ਤੇ ਉਨ੍ਹਾਂ ਤੋਂ ਵੋਟਾਂ ਸਬੰਧੀ ਲੋੜੀਂਦੇ ਫ਼ਾਰਮ ਭਰਵਾ ਕਿ ਉਸ ਦੇ ਨਾਲ ਵੋਟਾਂ ਸਬੰਧੀ ਦਸਤਾਵੇਜ਼ ਨੱਥੀ ਕਰਕੇ ਦੇਣ ਤਾਂ ਕਿ ਕਿਸੇ ਵੀ ਵੋਟਰ ਦੀ ਵੋਟ ਕੱਟੇ ਜਾਣ ਦੀ ਸੰਭਾਵਨਾ ਬਾਕੀ ਨਾ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਰੋਜ਼ਾਨਾ ਕੁਝ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ, ਕੁਝ ਨੌਜਵਾਨ ਗੈਂਗਸਟਰ ਬਣ ਰਹੇ ਹਨ। ਸਰਕਾਰ ਆਉਣ ’ਤੇ ਇਕ ਮਹੀਨੇ ਅੰਦਰ ਪੰਜਾਬ ’ਚੋਂ ਨਸ਼ਾ ਖਤਮ ਕਰਨ ਦੀਆਂ ਗਾਰੰਟੀਆਂ ਦੇਣ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ੇ ਭੇਟ ਚੜ੍ਹੇ ਨੌਜਵਾਨਾਂ ਦੇ ਮਾਪੇ ਇਕ ਤਰ੍ਹਾਂ ਨਾਲ ਅਪੰਗ ਹੋ ਗਏ ਹਨ ਕਿਉਂਕਿ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਬੁਢਾਪੇ ਦਾ ਸਹਾਰਾ ਬਣਨ ਦੀ ਆਸ ਨਾਲ ਪਾਲਿਆਂ ਸੀ ਉਹ ਸਮੇਂ ਤੋਂ ਪਹਿਲਾਂ ਹੀ ਇਸ ਦੁਨੀਆਂ ਤੋਂ ਚੱਲੇ ਗਏ। ਉਨ੍ਹਾਂ ਦੇ ਮਾਪੇ ਅੱਜ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਜਿਨ੍ਹਾਂ ਦੀ ਪੰਜਾਬ ਸਰਕਾਰ ਨੂੰ ਕੋਈ ਚਿੰਤਾ ਨਹੀਂ। ਇਸ ਮੌਕੇ ਸੋਨੂੰ ਸੇਢੇਵਾਲਾ, ਕਰਨੈਲ ਸਿੰਘ ਖਾਲਸਾ, ਕੁਲਦੀਪ ਸਿੰਘ, ਜਗਜੀਤ ਸਿੰਘ ਝੱਖੜਵਾਲਾ, ਗੁਰਜੀਤ ਸਿੰਘ, ਬੱਬੂ ਸਿੰਘ ਪ੍ਰਧਾਨ, ਰਾਜਜਿੰਦਰ ਸਿੰਘ ਕਲਿਆਣ, ਪ੍ਰੀਤਮ ਸਿੰਘ, ਅਵਤਾਰ ਸਿੰਘ, ਰਾਜੂ ਸਿੰਘ, ਆਤਮਾ ਸਿੰਘ, ਮੱਘਰ ਸਿੰਘ, ਜਸਵੀਰ ਸਿੰਘ, ਜੱਜ ਸਿੰਘ, ਕਾਕਾ ਸਿੰਘ, ਜੋਗਾ ਸਿੰਘ, ਰਣਜੀਤ ਸਿੰਘ, ਮਨਦੀਪ ਕੌਰ ਪੰਚ, ਨਸੀਬ ਕੌਰ ਪੰਚ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
ਪਿੰਡ ਸੇਢਾ ਸਿੰਘ ਵਾਲਾ ਵਿਖੇ ਕਾਂਗਰਸੀ ਵੋਟਰਾਂ ਨੂੰ ਕੀਤਾ ਜਾਗਰੂਕ
ਅਜੀਤ ਡੈਸਕ
10-07-2026