ਬਰਗਾੜੀ, 9 ਜੁਲਾਈ (ਲਖਵਿੰਦਰ ਸ਼ਰਮਾ)-ਪੰਜਾਬ ਦੇ ਵਿਮੁਕਤ ਕਬੀਲਿਆਂ ਦੀ ਸੰਸਥਾ ਅਖਿਲ ਭਾਰਤੀਆ ਸਮਸਤ ਬਾਵਰੀਆ ਸਮਾਜ ਦੇ ਆਗੂ ਪਰਮਜੀਤ ਸਿੰਘ ਬਰਗਾੜੀ, ਜਸਪਾਲ ਸਿੰਘ ਪੰਜਗਰਾਈਂ ਦੀ ਅਗਵਾਈ ਹੇਠ ਸੰਸਥਾ ਦੇ ਆਗੂਆਂ ਵਲੋਂ ਪਿੰਡਾਂ ਵਿਚ ਮੀਟਿੰਗਾਂ ਕਰਕੇ ਵੱਖ ਵੱਖ ਕਬੀਲਿਆਂ ਦੇ ਲੋਕਾਂ ਨੂੰ 12 ਜੁਲਾਈ ਦੀ ਕੋਟਕਪੂਰਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਮੀਟਿੰਗ ਸਬੰਧੀ ਜਾਣਕਾਰੀ ਦਿੱਤੀ ਗਈ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਕਬੀਲਿਆਂ ਜਿਵੇਂ ਬਾਵਰੀਆ, ਸ਼ਾਂਸ਼ੀ, ਬਰੜ, ਨਟ, ਗਧਿਲਾ, ਰਾਇ ਸਿੱਖ, ਕੂਚ ਬੰਦ, ਗਡਰੀਆ, ਜੋਗੀ ਨਾਥ ਆਦਿ ਦੀ ਸੂਬਾ ਪੱਧਰੀ ਮੀਟਿੰਗ 12 ਜੁਲਾਈ ਨੂੰ ਕੋਟਕਪੂਰਾ ਵਿਖੇ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਕਬੀਲਿਆਂ ਦੀਆਂ ਮੰਗਾਂ, ਮੁਸ਼ਕਿਲਾਂ ਆਦਿ ਸਬੰਧੀ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ 31 ਅਗਸਤ ਨੂੰ ਹਰ ਸਾਲ ਦੀ ਤਰਾਂ ਮਨਾਏ ਜਾਣ ਵਾਲੇ ਆਜ਼ਾਦੀ ਦਿਹਾੜੇ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੂਹ ਕਬੀਲਿਆਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਸਿਆਸਤ ਤੋਂ ਉਪਰ ਉਠ ਕੇ ਪੂਰੀ ਤਰਾਂ ਇਕਜੁੱਟ ਹੋਣ ਦੀ ਲੋੜ ਹੈ। ਇਸ ਮੀਟਿੰਗ ਵਿਚ ਕੌਮੀ ਪ੍ਰਧਾਨ ਰਜਿੰਦਰ ਸਿੰਘ ਦੇਸੂ ਯੋਧਾਂ, ਪੰਜਾਬ ਪ੍ਰਧਾਨ ਵਾਹਿਗੁਰੂ ਸਿੰਘ ਆਦਿ ਤੋਂ ਇਲਾਵਾ ਸਮੂਹ ਕਬੀਲਿਆਂ ਦੇ ਆਗੂ ਸਾਹਿਬਾਨ, ਵਰਕਰ, ਕਬੀਲਿਆਂ ਦੇ ਵੱਡੀ ਗਿਣਤੀ ਵਿਚ ਲੋਕ ਆਦਿ ਪਹੁੰਚਣਗੇ।