ਬਾਜਾਖਾਨਾ, 26 ਜੁਲਾਈ (ਜਗਦੀਪ ਸਿੰਘ ਗਿੱਲ)-ਮੈਂਬਰ ਪਾਰਲੀਮੈਂਟ ਫ਼ਰੀਦਕੋਟ ਸਰਬਜੀਤ ਸਿੰਘ ਖਾਲਸਾ ਵਲੋਂ ਕਮਿਊਨਿਟੀ ਹੈਲਥ ਸੈਂਟਰ ਬਾਜਾਖਾਨਾ ਨੇ ਨਵੀਂ ਅਤੇ ਅਤਿ ਆਧੁਨਿਕ ਮਸ਼ੀਨ ਜਿਸ ਨੂੰ ਲੈਵਲ-ਟੂ ਮਸ਼ੀਨ (ਕੱਲਰ ਡੌਪਲਰ) ਮਨਜ਼ੂਰ ਕਰਵਾ ਕੇ 26 ਲੱਖ 50 ਹਜ਼ਾਰ ਰੁਪਏ ਦੀ ਗਰਾਂਟ ਮਨਜ਼ੂਰ ਕਰਵਾ ਕੇ ਦਿੱਤਾ ਗਿਆ ਹੈ। ਇਸ ਦੇ ਮਨਜ਼ੂਰ ਹੋਣ ਨਾਲ ਇਲਾਕੇ ਦੇ ਸਮੂਹਿਕ ਲੋਕਾਂ ਦੀ ਮੰਗ ਪੂਰੀ ਹੋਈ ਹੈ। ਉਕਤ ਮਸ਼ੀਨ ਗਰਭਵਤੀ ਔਰਤਾਂ ਦੇ ਬੱਚੇ ਦੀ ਅੰਗਾਂ ਦੀ ਜਾਂਚ ਪੜਤਾਲ ਲਈ ਬਹੁਤ ਜ਼ਰੂਰੀ ਸੀ। ਇਲਾਕੇ ਦੀਆਂ ਗਰਾਮ ਪੰਚਾਇਤਾਂ ਅਤੇ ਮੋਹਤਵਰ ਵਿਅਕਤੀਆਂ ਨੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਇਸ ਮਸ਼ੀਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਬੜ੍ਹੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਤੁਹਾਡੇ ਵਲੋਂ ਲੋਕਾਂ ਦੀ ਭਲਾਈ ਲਈ ਆਈ ਗਰਾਂਟ ’ਤੇ ਮਸ਼ੀਨ ਲਗਵਾਉਣ ਹਿੱਤ ਕਾਗਜ਼ੀ ਕਾਰਵਾਈ ਸੀ.ਐਚ.ਸੀ. ਬਾਜਾਖਾਨਾ ਦੀ ਐਸ.ਐਮ.ਓ. ਵਲੋਂ ਤੁਰੰਤ ਕਰਨੀ ਬਣਦੀ ਸੀ ਪ੍ਰੰਤੂ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਉਨ੍ਹਾਂ ਵਲੋਂ ਅਜਿਹਾ ਕਰਨ ਦੀ ਜਗ੍ਹਾ ਗਰਾਂਟ ਵਿਚ ਅੜਿੱਕੇ ਲਗਾਏ ਜਾ ਰਹੇ ਹਨ ਜੋ ਕਿ ਅਤਿ ਨਿੰਦਣਯੋਗ ਹੈ। ਉਨ੍ਹਾਂ ਵਲੋਂ 3 ਦਿਨਾਂ ਦੇ ਅੰਦਰ-ਅੰਦਰ ਮਸ਼ੀਨ ਦੀ ਕਾਗਜ਼ੀ ਕਾਰਵਾਈ ਨਾ ਪੂਰੀ ਕੀਤੀ ਗਈ ਤਾਂ ਹਲਕੇ ਦੀਆਂ ਗਰਾਮ ਪੰਚਾਇਤਾਂ, ਮੋਹਤਵਰ ਵਿਅਕਤੀਆਂ ਅਤੇ ਜਨ ਸਮੂਹ ਸੀ.ਐਚ.ਸੀ. ਬਾਜਾਖਾਨਾ ਵਿਖੇ ਐਸ.ਐਮ.ਓ. ਬਾਜਾਖਾਨਾ ਦੇ ਦਫ਼ਤਰ ਦਾ ਘਿਰਾਓ ਕਰਨਗੀਆਂ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਐਸ.ਐਮ.ਓ ਬਾਜਾਖਾਨਾ ਅਤੇ ਸਿਵਲ ਸਰਜਨ ਫ਼ਰੀਦਕੋਟ ਦੀ ਹੋਵੇਗੀ। ਇਸ ਸੰਬਧੀ ਜਦੋਂ ਸਿਵਲ ਸਰਜਨ ਫ਼ਰੀਦਕੋਟ ਡਾ. ਰਮਨਦੀਪ ਸਿੰਗਲਾ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਸਰਕਾਰ ਵਲੋਂ ਦਿੱਤੀ ਜਾ ਰਹੀ ਮਸ਼ੀਨ ਸੀ.ਐਚ.ਸੀ. ਬਾਜਾਖਾਨਾ ਵਿਖੇ ਲਗਾਈ ਜਾ ਰਹੀ ਹੈ ਤਾਂ ਇਸ ਉਚ ਆਧੁਨਿਕ ਮਸ਼ੀਨ ਦੀ ਸੀ.ਐਚ.ਸੀ ਬਾਜਾਖਾਨਾ ਵਿਖੇ ਲਗਾਉਣ ਦੀ ਕੀ ਜ਼ਰੂਰਤ ਹੈ। ਇਸ ’ਤੇ ਜਦੋਂ ਸਵਾਲ ਪੁੱਛਿਆ ਗਿਆ ਕਿ ਮੈਂਬਰ ਪਾਰਲੀਮੈਂਲ ਸਰਬਜੀਤ ਸਿੰਘ ਖਾਲਸਾ ਵਲੋਂ ਅਤਿ ਆਧੁਨਿਕ ਮਸ਼ੀਨ ਲਈ ਗਰਾਂਟ ਬਾਜਾਖਾਨਾ ਵਿਖੇ ਆਈ ਹੈ ਤਾਂ ਉਨ੍ਹਾਂ ਅਗਿਆਣਤਾ ਪ੍ਰਗਟਾਈ। ਜਦੋਂ ਇਸ ਸੰਬਧੀ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦੇ ਨਿੱਜੀ ਸਹਾਇਕ ਦਲੇਰ ਸਿੰਘ ਡੋਡ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਜਿਸ ਸੰਬਧੀ ਉਹ ਨਿੱਜੀ ਤੌਰ ’ਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਮਿਲ ਚੁੱਕੇ ਹਨ ਅਤੇ ਉਨ੍ਹਾਂ ਦੇ ਧਿਆਨ ਵਿਚ ਵੀ ਇਹ ਮੁੱਦਾ ਲਿਆਂਦਾ ਜਾ ਚੁੱਕਾ ਹੈ।