ਖੰਡ ਤੋਂ ਬਾਅਦ ਹੁਣ ਵਧੇ ਪਿਆਜ਼ ਅਤੇ ਰਿਫਾਈਂਂਡ ਤੇਲ ਦੇ ਭਾਅ ਰਸੋਈ ਦਾ ਵਿਗੜਿਆ ਬਜਟ
ਸ੍ਰੀ ਮੁਕਤਸਰ ਸਾਹਿਬ, 25 ਅਗਸਤ (ਹਰਮਹਿੰਦਰ ਪਾਲ)-ਤਿਉਹਾਰੀ ਸੀਜ਼ਨ ਆਉਂਦੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਸਥਾਨਕ ਬਾਜ਼ਾਰਾਂ ਵਿਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ’ਚ ਭਾਰੀ ਉਛਾਲ ਆਇਆ ਹੈ। ਚੀਨੀ ਦੇ ਭਾਅ ਪਹਿਲਾਂ ਤੋਂ ਹੀ ਉਚੇ ਸਨ ਅਤੇ ਹੁਣ ਪਿਆਜ਼ ਤੇ ਰਿਫਾਈਂਡ ਤੇਲ ਦੀਆਂ ਵਧੀਆਂ ਕੀਮਤਾਂ ਨੇ ਆਮ ਪਰਿਵਾਰਾਂ ਅਤੇ ਘਰੇਲੂ ਔਰਤਾਂ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ।
ਸ੍ਰੀ ਮੁਕਤਸਰ ਸਾਹਿਬ, 25 ਅਗਸਤ (ਹਰਮਹਿੰਦਰ ਪਾਲ)-ਤਿਉਹਾਰੀ ਸੀਜ਼ਨ ਆਉਂਦੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਸਥਾਨਕ ਬਾਜ਼ਾਰਾਂ ਵਿਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ’ਚ ਭਾਰੀ ਉਛਾਲ ਆਇਆ ਹੈ। ਚੀਨੀ ਦੇ ਭਾਅ ਪਹਿਲਾਂ ਤੋਂ ਹੀ ਉਚੇ ਸਨ ਅਤੇ ਹੁਣ ਪਿਆਜ਼ ਤੇ ਰਿਫਾਈਂਡ ਤੇਲ ਦੀਆਂ ਵਧੀਆਂ ਕੀਮਤਾਂ ਨੇ ਆਮ ਪਰਿਵਾਰਾਂ ਅਤੇ ਘਰੇਲੂ ਔਰਤਾਂ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਕਰਿਆਨਾ ਵਪਾਰ ਨਾਲ ਜੁੜੇ ਮਾਹਿਰਾਂ ਅਨੁਸਾਰ ਅੰਤਰਰਾਸ਼ਟਰੀ ਸਪਲਾਈ ਚੇਨ ਅਤੇ ਤਿਉਹਾਰੀ ਮੰਗ ਕਾਰਨ ਰਿਫਾਈਂਡ ਤੇ ਡਾਲਡਾ ਘਿਉ ਦੇ ਭਾਅ ਵਿਚ ਸਿੱਧਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਦੋ ਦਿਨਾਂ ਦੇ ਅੰਦਰ ਰਿਫਾਈਂਡ ਤੇਲ ਤੇ ਡਾਲਡਾ ਘਿਉ ਦੇ 15 ਲੀਟਰ ਵਾਲੇ ਟੀਨ ਵਿਚ 125 ਰੁਪਏ ਤੱਕ ਦਾ ਵਾਧਾ ਹੋਇਆ ਹੈ। ਤੇਲ ਤੇ ਘਿਉ ਦੇ ਮਹਿੰਗੇ ਹੋਣ ਨਾਲ ਤਿਉਹਾਰੀ ਮਠਿਆਈਆਂ ਤੇ ਪਕਵਾਨਾਂ ਦੀਆਂ ਕੀਮਤਾਂ ਵੀ ਵਧਣ ਦੀ ਸੰਭਾਵਨਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਸਥਾਨਕ ਸਬਜ਼ੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਪੰਜਾਬ ਦੇ ਸਥਾਨਕ ਮੈਦਾਨੀ ਇਲਾਕਿਆਂ ਵਿਚ ਸਬਜ਼ੀਆਂ ਦੀ ਘਰੇਲੂ ਪੈਦਾਵਾਰ ਘੱਟ ਹੈ, ਜਿਸ ਕਾਰਨ ਜ਼ਿਆਦਾਤਰ ਸਪਲਾਈ ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਰਾਜਾਂ ਤੋਂ ਹੋ ਰਹੀ ਹੈ। ਤਿਉਹਾਰੀ ਸੀਜ਼ਨ ਕਾਰਨ ਖ਼ਪਤ ਤੇਜ਼ੀ ਨਾਲ ਵਧੀ ਹੈ, ਪਰ ਮੰਗ ਦੇ ਮੁਕਾਬਲੇ ਪੈਦਾਵਾਰ ਸੀਮਤ ਰਹਿਣ ਕਾਰਨ ਮੰਡੀਆਂ ਵਿੱਚ ਭਾਅ ਵਧ ਗਏ ਹਨ। ਜਦੋਂ ਤੱਕ ਸਥਾਨਕ ਮੈਦਾਨੀ ਫ਼ਸਲਾਂ ਦੀ ਨਵੀਂ ਆਮਦ ਸ਼ੁਰੂ ਨਹੀਂ ਹੁੰਦੀ, ਤਦ ਤੱਕ ਆਉਣ ਵਾਲੇ ਦਿਨਾਂ ਵਿਚ ਸਬਜ਼ੀਆਂ ਦੇ ਭਾਅ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮਹਿਜ਼ ਦੋ ਦਿਨ ਪਹਿਲਾਂ ਤੱਕ 30 ਰੁਪਏ ਪ੍ਰਤੀ ਕਿੱਲੋ ਵਿਕਣ ਵਾਲਾ ਪਿਆਜ਼ ਸ਼ਨੀਵਾਰ ਨੂੰ ਸਿੱਧਾ 50 ਰੁਪਏ ਪ੍ਰਤੀ ਕਿੱਲੋ ਦੇ ਅੰਕੜੇ ’ਤੇ ਪਹੁੰਚ ਗਿਆ। ਮਟਰ ਤੇ ਨਿੰਬੂ ਵਰਗੀਆਂ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਪਹਿਲਾਂ ਤੋਂ ਹੀ 100 ਰੁਪਏ ਪ੍ਰਤੀ ਕਿੱਲੋ ਤੋਂ ਪਾਰ ਬਣੀਆਂ ਹੋਈਆਂ ਹਨ। ਇਸ ਕਾਰਨ ਮੱਧਵਰਗੀ ਤੇ ਹੇਠਲੇ ਵਰਗ ਦੇ ਪਰਿਵਾਰਾਂ ਲਈ ਘਰ ਦਾ ਬਜਟ ਸੰਤੁਲਿਤ ਰੱਖਣਾ ਚੁਣੌਤੀ ਬਣ ਗਿਆ ਹੈ।