ਸ੍ਰੀ ਮੁਕਤਸਰ ਸਾਹਿਬ ਤੋਂ ਹਰਿਦੁਆਰ ਤੇ ਦਿੱਲੀ ਲਈ ਸਿੱਧੀਆਂ ਰੇਲ ਗੱਡੀਆਂ ਚਲਾਉਣ ਦੀ ਮੰਗ ਨੂੰ ਮਿਲਿਆ ਹੁੰਗਾਰਾ
ਸ੍ਰੀ ਮੁਕਤਸਰ ਸਾਹਿਬ, 29 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਅਤੇ ਆਸਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਬਿਹਤਰ ਰੇਲ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਫ਼ਾਜ਼ਿਲਕਾ ਤੋਂ ਵਾਇਆ ਸ੍ਰੀ ਮੁਕਤਸਰ ਸਾਹਿਬ ਹੁੰਦੇ ਹੋਏ ਹਰਿਦੁਆਰ ਅਤੇ ਦਿੱਲੀ ਲਈ ਨਵੀਆਂ ਰੇਲ ਗੱਡੀਆਂ ਚਲਾਉਣ ਦੀ ਮੰਗ ਨੂੰ ਹੁੰਗਾਰਾ ਮਿਲਿਆ ਹੈ। ਰੇਲਵੇ ਬੋਰਡ ਵਲੋਂ ਇਸ ਸੰਬੰਧੀ ਕਾਰਵਾਈ ਸ਼ੁਰੂ ਕਰਦਿਆਂ 27 ਅਕਤੂਬਰ ਨੂੰ ਜਾਰੀ ਪੱਤਰ ਰਾਹੀਂ ਫ਼ਿਰੋਜ਼ਪੁਰ ਮੰਡਲ ਤੋਂ ਪ੍ਰਸਤਾਵਿਤ ਰੇਲ ਸੇਵਾਵਾਂ ਦੀ ਵਿਵਹਾਰਕਤਾ ਦੀ ਜਾਂਚ ਕਰਨ ਅਤੇ ਸਮਾਂ-ਸਾਰਣੀ ਤਿਆਰ ਕਰਨ ਸੰਬੰਧੀ ਰਿਪੋਰਟ ਮੰਗੀ ਗਈ ਹੈ।
ਸ੍ਰੀ ਮੁਕਤਸਰ ਸਾਹਿਬ, 29 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਅਤੇ ਆਸਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਬਿਹਤਰ ਰੇਲ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਫ਼ਾਜ਼ਿਲਕਾ ਤੋਂ ਵਾਇਆ ਸ੍ਰੀ ਮੁਕਤਸਰ ਸਾਹਿਬ ਹੁੰਦੇ ਹੋਏ ਹਰਿਦੁਆਰ ਅਤੇ ਦਿੱਲੀ ਲਈ ਨਵੀਆਂ ਰੇਲ ਗੱਡੀਆਂ ਚਲਾਉਣ ਦੀ ਮੰਗ ਨੂੰ ਹੁੰਗਾਰਾ ਮਿਲਿਆ ਹੈ। ਰੇਲਵੇ ਬੋਰਡ ਵਲੋਂ ਇਸ ਸੰਬੰਧੀ ਕਾਰਵਾਈ ਸ਼ੁਰੂ ਕਰਦਿਆਂ 27 ਅਕਤੂਬਰ ਨੂੰ ਜਾਰੀ ਪੱਤਰ ਰਾਹੀਂ ਫ਼ਿਰੋਜ਼ਪੁਰ ਮੰਡਲ ਤੋਂ ਪ੍ਰਸਤਾਵਿਤ ਰੇਲ ਸੇਵਾਵਾਂ ਦੀ ਵਿਵਹਾਰਕਤਾ ਦੀ ਜਾਂਚ ਕਰਨ ਅਤੇ ਸਮਾਂ-ਸਾਰਣੀ ਤਿਆਰ ਕਰਨ ਸੰਬੰਧੀ ਰਿਪੋਰਟ ਮੰਗੀ ਗਈ ਹੈ। ਇਸ ਕਾਰਵਾਈ ਨਾਲ ਇਲਾਕੇ ਦੇ ਲੋਕਾਂ ਵਿਚ ਨਵੀਆਂ ਰੇਲ ਸੇਵਾਵਾਂ ਸ਼ੁਰੂ ਹੋਣ ਦੀ ਆਸ ਜਾਗੀ ਹੈ। ਰੇਲਵੇ ਬੋਰਡ ਵਲੋਂ ਫ਼ਾਜ਼ਿਲਕਾ ਤੋਂ ਹਰਿਦੁਆਰ ਤੱਕ ਵਾਇਆ ਸ੍ਰੀ ਮੁਕਤਸਰ ਸਾਹਿਬ, ਕੋਟਕਪੂਰਾ ਅਤੇ ਬਠਿੰਡਾ ਨਵੀਂ ਰੇਲ ਗੱਡੀ ਚਲਾਉਣ ਦੀ ਸੰਭਾਵਨਾ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਫ਼ਾਜ਼ਿਲਕਾ ਤੋਂ ਨਵੀਂ ਦਿੱਲੀ ਤੱਕ ਵਾਇਆ ਸ੍ਰੀ ਮੁਕਤਸਰ ਸਾਹਿਬ, ਕੋਟਕਪੂਰਾ, ਬਠਿੰਡਾ, ਮਾਨਸਾ ਤੇ ਰੋਹਤਕ ਨਵੀਂ ਰੇਲ ਸੇਵਾ ਸ਼ੁਰੂ ਕਰਨ ਦੇ ਪ੍ਰਸਤਾਵ ਸੰਬੰਧੀ ਵੀ ਵਿਸਥਾਰਪੂਰਵਕ ਰਿਪੋਰਟ ਤੇ ਸਮਾਂ-ਸਾਰਣੀ ਮੰਗੀ ਗਈ ਹੈ। ਇਸ ਤੋਂ ਇਲਾਵਾ ਫ਼ਿਰੋਜ਼ਪੁਰ-ਸਾਹਨੇਵਾਲ ਰੇਲ ਗੱਡੀ ਨੰਬਰ 14614/14613 ਦਾ ਫ਼ਾਜ਼ਿਲਕਾ ਤੱਕ ਵਿਸਥਾਰ ਕਰਨ ਦੀ ਸੰਭਾਵਨਾ ’ਤੇ ਵੀ ਵਿਚਾਰ ਕਰਨ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਅਤੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਰਵਿੰਦ ਪਠੇਲਾ ਨੇ ਇਲਾਕੇ ਦੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਕੋਲ ਇਹ ਮੰਗ ਉਠਾਈ ਸੀ। ਇਸ ਸੰਬੰਧੀ ਕੁਝ ਮਹੀਨੇ ਪਹਿਲਾਂ ਉਨ੍ਹਾਂ ਵਲੋਂ ਫ਼ਿਰੋਜ਼ਪੁਰ ਮੰਡਲ ਦੇ ਡੀ.ਆਰ.ਐਮ. ਸੰਜੀਵ ਕੁਮਾਰ ਨਾਲ ਵੀ ਮੁਲਾਕਾਤ ਕਰਕੇ ਇਲਾਕੇ ਦੀਆਂ ਰੇਲ ਸਹੂਲਤਾਂ ਵਿਚ ਵਾਧਾ ਕਰਨ ਦੀ ਲੋੜ ਤੋਂ ਜਾਣੂ ਕਰਵਾਇਆ ਗਿਆ ਸੀ। ਉਸ ਸਮੇਂ ਡੀ.ਆਰ.ਐਮ. ਵਲੋਂ ਵਫ਼ਦ ਨੂੰ ਮੰਗਾਂ ’ਤੇ ਜਲਦੀ ਵਿਚਾਰ ਕਰਨ ਦ ਾ ਭਰੋਸਾ ਦਿੱਤਾ ਗਿਆ ਸੀ। ਕੁਲਦੀਪ ਸਿੰਘ ਭੰਗੇਵਾਲਾ ਤੇ ਅਰਵਿੰਦ ਪਠੇਲਾ ਨੇ ਇਸ ਪਹਿਲਕਦਮੀ ਲਈ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲਵੇ ਬੋਰਡ ਦਾ ਧੰਨਵਾਦ ਕੀਤਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪ੍ਰਸਤਾਵਿਤ ਰੇਲ ਸੇਵਾਵਾਂ ਸੰਬੰਧੀ ਕਾਰਵਾਈ ਅੱਗੇ ਵਧਣ ਨਾਲ ਸ੍ਰੀ ਮੁਕਤਸਰ ਸਾਹਿਬ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਹਰਿਦੁਆਰ ਅਤੇ ਦਿੱਲੀ ਲਈ ਸਿੱਧੀਆਂ ਰੇਲ ਸੇਵਾਵਾਂ ਮਿਲਣ ਨਾਲ ਲੋਕਾਂ ਨੂੰ ਯਾਤਰਾ ਕਰਨ ਵਿਚ ਵੱਡੀ ਸਹੂਲਤ ਮਿਲ ਸਕਦੀ ਹੈ।