ਫ਼ਰੀਦਕੋਟ, 27 ਜਨਵਰੀ (ਜਸਵੰਤ ਸਿੰਘ ਪੁਰਾਬ)-5 ਦਿਨ ਬੈਂਕਿੰਗ ਪ੍ਰਣਾਲੀ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਬੈਂਕ ਮੁਲਾਜ਼ਮਾਂ ਦੀ ਦੇਸ਼ ਵਿਆਪੀ ਹੜਤਾਲ ਨੂੰ ਲੈ ਕੇ ਅੱਜ ਸਥਾਨਕ ਬੱਸ ਅੱਡੇ ਨਜ਼ਦੀਕ ਸਥਿਤ ਐਸ.ਬੀ.ਆਈ ਦੀ ਮੇਨ ਬਰਾਂਚ ਵਿਖੇ ਸਰਕਾਰੀ, ਨਿੱਜੀ, ਰਾਸ਼ਟਰੀਕਿਰਤ ਅਤੇ ਖੇਤਰੀ ਗ੍ਰਾਮੀਣ ਬੈਂਕ ਮੁਲਾਜ਼ਮਾਂ ਵਲੋਂ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ 'ਤੇ ਇਕ ਰੋਜ਼ਾ ਹੜਤਾਲ ਕਰਕੇ ਕੇਂਦਰ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕਾਮਰੇਡ ਰਾਜੀਵ ਗੌੜ, ਦੀਪਕ ਕਾਲੀਆ, ਅਮਿਤ ਛਾਬੜਾ ਅਤੇ ਕਰਨ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਆਈ.ਬੀ.ਏ (ਇੰਡੀਅਨ ਬੈਂਕਸ ਐਸੋਸੀਏਸ਼ਨ) ਦੇ ਲੰਮੇਂ ਸਮੇਂ ਤੋਂ ਸਹਿਮਤ ਹੋਣ ਦੇ ਬਾਵਜੂਦ ਅਜੇ ਤੱਕ 5 ਦਿਨ ਬੈਕਿੰਗ ਪ੍ਰਣਾਲੀ ਲਾਗੂ ਨਹੀਂ ਕੀਤੀ ਗਈ ਜਿਸ ਕਰਕੇ ਦੇਸ਼ ਭਰ ਦੇ ਬੈਂਕ ਮੁਲਾਜ਼ਮ ਅੱਜ ਹੜਤਾਲ ਦੇ ਰਸਤੇ 'ਤੇ ਹਨ | ਉਨ੍ਹਾਂ ਕਿਹਾ ਕਿ ਦੋ ਪੱਖੀ ਸਮਝੌਤਾ ਦਸਤਖਤ ਕਰਨ ਸਮੇਂ ਆਈ.ਬੀ.ਏ ਵਲੋਂ ਪੰਜ ਦਿਨਾਂ ਬੈਂਕਿੰਗ ਦੀ ਮੰਗ ਨੂੰ ਸਪੱਸ਼ਟ ਸਹਿਮਤੀ ਦਿੱਤੀ ਗਈ ਸੀ ਪਰ ਹੁਣ ਤੱਕ ਇਸਨੂੰ ਲਾਗੂ ਕਰਨ ਵਿਚ ਕੇਂਦਰ ਸਰਕਾਰ ਵਲੋਂ ਜਾਣਬੁੱਝ ਕੇ ਟਾਲ ਮਟੋਲ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਮੁੱਖ ਵਿੱਤੀ ਅਦਾਰੇ ਜਿਵੇਂ ਕਿ ਸ਼ੇਅਰ ਬਾਜ਼ਾਰ, ਰਿਜ਼ਰਵ ਬੈਂਕ ਆਫ਼ ਇੰਡੀਆ ਅਤੇ ਐਲ.ਆਈ.ਸੀ ਪਹਿਲਾਂ ਹੀ ਹਫ਼ਤੇ ਵਿਚ 5 ਦਿਨ ਕੰਮ ਕਰ ਰਹੇ ਹਨ ਪਰ ਬੈਂਕ ਮੁਲਾਜ਼ਮਾਂ ਨਾਲ ਮਤਰੇਈ ਵਾਲਾ ਸਲੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਜ਼ੋਰ ਦੇ ਕਿ ਕਿਹਾ ਕਿ ਬੈਂਕ ਕਰਮਚਾਰੀ ਸਰਕਾਰ ਦੀ ਹਰ ਸਕੀਮ ਅਤੇ ਯੋਜਨਾ ਨੂੰ ਪਹਿਲ ਦੇ ਆਧਾਰ 'ਤੇ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਪ੍ਰੰਤੂ ਕੇਂਦਰ ਸਰਕਾਰ ਵਲੋਂ ਕਰਮਚਾਰੀਆਂ ਦੀ ਇਸ ਮੰਗ ਨੂੰ ਪੂਰਾ ਕਰਨ ਲਈ ਜ਼ਰਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਅਤੇ ਆਈ.ਬੀ.ਏ ਨੇ ਤੁਰੰਤ 5 ਦਿਨਾਂ ਬੈਂਕਿੰਗ ਪ੍ਰਣਾਲੀ ਨੂੰ ਲਾਗੂ ਨਾ ਕੀਤਾ ਤਾਂ ਬੈਂਕ ਮੁਲਾਜ਼ਮ ਆਪਣਾ ਅੰਦੋਲਨ ਹੋਰ ਤੇਜ਼ ਅਤੇ ਵਿਸ਼ਾਲ ਪੱਧਰ 'ਤੇ ਕਰਨ ਲਈ ਮਜਬੂਰ ਹੋ ਜਾਣਗੇ | ਇਸ ਰੋਸ ਮੁਜ਼ਾਹਰੇ ਨੂੰ ਹਰਪ੍ਰੀਤ ਕੌਰ, ਵਿਸ਼ਾਲੀ, ਰਮਨਦੀਪ ਕੌਰ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਜ਼ਾਨੀਆ, ਵੀਰੋ, ਸੰਨੀ ਤੇਰ੍ਹੀਆ, ਗਗਨ, ਅਕਾਸ਼ਦੀਪ, ਮਹੇਸ਼ ਕੁਮਾਰ ਪੀ.ਐਨ.ਬੀ ਅਤੇ ਸ਼ਮਸ਼ੇਰ ਸਿੰਘ ਨੇ ਵੀ ਸੰਬੋਧਨ ਕੀਤਾ |