ਕੋਟਕਪੂਰਾ, 28 ਮਈ (ਮੋਹਰ ਸਿੰਘ ਗਿੱਲ)-ਸਥਾਨਕ ਸ਼ਹਿਰ ਦੇ 27 ਵਾਰਡਾਂ ਤੋਂ ਚੋਣ ਲੜ ਰਹੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਿਤ ਅਤੇ ਕੁਝ ਆਜ਼ਾਦ ਉਮੀਦਵਾਰਾਂ ਸਣੇ ਕੁੱਲ 100 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਚੋਣ ਨਤੀਜਾ ਆ ਜਾਣ ਉਪਰੰਤ ਤਹਿ ਹੋਵੇਗਾ | ਕੁੱਲ 29 ਵਾਰਡਾਂ ਵਾਲੀ ਨਗਰ ਕੌਂਸਲ ਕੋਟਕਪੂਰਾ ਦੇ ਸੱਤ੍ਹਾਧਾਰੀ ਧਿਰ ਨਾਲ ਸਬੰਧਿਤ ਦੋ ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਜੇਤੂ ਰਹਿਣ ਕਾਰਨ ਹੁਣ ਕੇਵਲ 27 ਵਾਰਡਾਂ ਦੇ ਕੌਂਸਲਰ ਹੀ ਚੁਣੇ ਜਾਣੇ ਹਨ | ਇਸ ਵਾਸਤੇ ਆਮ ਆਦਮੀ ਪਾਰਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ 27-27, ਇੰਡੀਅਨ ਨੈਸ਼ਨਲ ਕਾਂਗਰਸ ਦੇ 25 ਅਤੇ ਭਾਰਤੀ ਜਨਤਾ ਪਾਰਟੀ ਵਲੋਂ 14 ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਗਏ ਹਨ, ਜਦ ਕਿ ਬਾਕੀ ਉਮੀਦਵਾਰ ਆਜ਼ਾਦ ਤੌਰ 'ਤੇ ਚੋਣ ਲੜ ਚੁੱਕੇ ਹਨ | ਆਪੋ-ਆਪਣੀ ਪੱਖ ਦੇ ਉਮੀਦਵਾਰ ਜਿਤਾਉਣ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਹਲਕਾ ਕੋਟਕਪੂਰਾ ਤੋਂ ਕਾਂਗਰਸ ਦੇ ਇੰਚਾਰਜ ਅਜੇਪਾਲ ਸਿੰਘ ਸੰਧੂ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਭਾਈ ਰਾਹੁਲ ਸਿੰਘ ਸਿੱਧੂ ਵਲੋਂ ਪੂਰੀ ਮਿਹਨਤ ਕਰਕੇ ਆਪਣੇ ਉਮੀਦਵਾਰਾਂ ਦੇ ਹੱਕ 'ਚ ਦਿਨ-ਰਾਤ ਇਕ ਕਰਕੇ ਚੋਣ ਪ੍ਰਚਾਰ ਕੀਤਾ ਗਿਆ ਹੈ | ਇਨ੍ਹਾਂ ਚੋਣਾਂ 'ਚ ਕਈ-ਕਈ ਉਮੀਦਵਾਰ ਉਹ ਵੀ ਹਨ, ਜਿਨ੍ਹਾਂ ਨੂੰ ਪਹਿਲਾਂ ਵੀ ਇਕ ਤੋਂ ਵੱਧ ਵਾਰ ਕੌਂਸਲਰ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ | ਵਾਰਡ ਨੰਬਰ 10 ਤੋਂ ਸੀਨੀਅਰ ਕਾਂਗਰਸੀ ਆਗੂ ਕੁੱਕੀ ਚੋਪੜਾ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਹਨ | ਵਾਰਡ ਨੰਬਰ 10 ਤੋਂ 'ਆਪ' ਦੇ ਉਮੀਦਵਾਰ ਸੁਤੰਤਰ ਜੋਸ਼ੀ, ਉਨ੍ਹਾਂ ਦੀ ਪਰਿਵਾਰਕ ਮੈਂਬਰ ਵਿਜੇ ਪ੍ਰੀਤ ਜੋਸ਼ੀ ਦੂਜੀ ਵਾਰ ਚੋਣ ਮੈਦਾਨ 'ਚ ਹਨ, ਹਾਲਾਂਕਿ ਇਸ ਹੀ ਪਰਿਵਾਰ ਦਾ ਨੌਜਵਾਨ ਅਰੁਣ ਜੋਸ਼ੀ ਪਹਿਲੀ ਵਾਰ, ਵਾਰਡ ਨੰਬਰ: 7 ਤੋਂ ਨੌਜਵਾਨ ਉਮੀਦਵਾਰ ਰੋਮਾ ਬਰਾੜ ਦੇ ਸਤਿਕਾਰਤ ਮਾਤਾ ਸੁਰਿੰਦਰਪਾਲ ਕੌਰ ਬਰਾੜ ਪਿਛਲੀ ਟਰਮ 'ਚ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਰਹਿ ਚੁੱਕੇ ਹਨ | ਗੁਰਸੇਵਕ ਸਿੰਘ ਐਮ.ਸੀ ਵਿਖੇ ਪਹਿਲਾਂ ਕੌਂਸਲਰ ਰਹਿ ਚੁੱਕੇ ਹਨ | ਸਥਾਨਕ ਦੇਵੀ ਵਾਲਾ ਰੋਡ ਦੇ ਵਸਨੀਕ ਰਣਬੀਰ ਸਿੰਘ ਰਾਣਾ ਐਮ.ਸੀ ਦੀ ਪਤਨੀ ਮਲਕੀਤ ਕੌਰ ਭਾਰਤੀ ਜਨਤਾ ਪਾਰਟੀ ਵਲੋਂ ਉਮੀਦਵਾਰ ਹਨ | ਇਸ ਤੋਂ ਇਲਾਵਾ ਕੁਝ ਹੋਰ ਚਿਹਰੇ ਵੀ ਹਨ, ਜੋ ਪਹਿਲਾਂ ਨਗਰ ਕੌਂਸਲ ਦੇ ਮੈਂਬਰ ਰਹਿ ਚੁੱਕੇ ਹਨ | ਸਥਾਨਕ ਪੱਧਰ 'ਤੇ ਹੋਈਆਂ ਇਨ੍ਹਾਂ ਚੋਣਾਂ ਦਾ ਸਿੱਧਾ ਅਸਰ ਆਉਣ ਵਾਲੇ ਸਮੇਂ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣ 'ਚ ਵੀ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |