06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪਿੰਡ ਅਬੁੱਲਖੁਰਾਣਾ ਵਿਖੇ 100 ਤੋਂ ਵੱਧ ਨੌਜਵਾਨਾਂ ਨੇ ਨਸ਼ਿਆਂ ਵਿਰੁੱਧ ਕਮੇਟੀ ਬਣਾਈ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਮਲੋਟ, 28 ਮਈ (ਅਜਮੇਰ ਸਿੰਘ ਬਰਾੜ)-ਪਿੰਡ ਅਬੁੱਲਖੁਰਾਣਾ ਵਿਖੇ ਨਸ਼ਿਆਂ ਖ਼ਿਲਾਫ਼ ਪਿੰਡ ਦੇ ਹੀ ਨੌਜਵਾਨਾਂ ਨੇ ਇਕ ਕਮੇਟੀ ਦਾ ਗਠਨ ਕੀਤਾ ਹੈ ਅਤੇ ਪਿੰਡ ਵਿਚੋਂ ਨਸ਼ੇ ਤੇ ਵਿਸ਼ੇਸ਼ ਤੌਰ 'ਤੇ ਚਿੱਟੇ ਦੇ ਖ਼ਾਤਮੇ ਲਈ ਅਹਿਦ ਕੀਤਾ ਹੈ | ਪਿੰਡ ਦੇ ਹੀ ਨੌਜਵਾਨ ਮੰਗਲਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ ਦੋ-ਤਿੰਨ ਸਾਲਾਂ ਤੋਂ ਨਸ਼ਾ ਕਰਨ ਵਾਲਿਆਂ ਤੇ ਤਸਕਰਾਂ ਨਾਲ ਲੜਦਾ ਆ ਰਿਹਾ ਹੈ | ਮੰਗਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਘਰ ਸ਼ਮਸ਼ਾਨਘਾਟ ਦੇ ਬਿਲਕੁਲ ਨੇੜੇ ਹੈ, ਉਥੇ ਰੋਜ਼ ਨਸ਼ਾ ਕਰਨ ਵਾਲਿਆਂ ਦਾ ਮੇਲਾ ਲੱਗਿਆ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ 6-6 ਫੁੱਟ ਦੇ ਗੱਭਰੂ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਖ਼ਤਮ ਹੋ ਗਏ ਅਤੇ ਹੁਣ ਅੱਕ ਕੇ 100 ਤੋਂ ਵੱਧ ਨੌਜਵਾਨਾਂ ਨੇ ਕਮੇਟੀ ਬਣਾਈ ਹੈ ਤਾਂ ਜੋ ਪਿੰਡ ਵਿਚੋਂ ਨਸ਼ਾ ਕਰਨ ਵਾਲਿਆਂ ਨੂੰ ਹਟਾਇਆ ਜਾ ਸਕੇ ਤੇ ਤਸਕਰਾਂ 'ਤੇ ਕਾਬੂ ਪਾਇਆ ਜਾ ਸਕੇ | ਇਸੇ ਤਰ੍ਹਾਂ ਹੀ ਸੋਨੀ ਅਬੁੱਲਖੁਰਾਣਾ ਨੇ ਕਿਹਾ ਕਿ ਪਿੰਡ ਦੇ ਕਿੰਗਰਾ ਰੋਡ ਉਪਰ ਚਿੱਟੇ ਦੇ ਨਸ਼ੇ ਦੀ ਵੱਡੀ ਸਮੱਸਿਆ ਹੈ | ਉਨ੍ਹਾਂ ਕਿਹਾ ਕਿ ਤਸਕਰਾਂ ਦੇ ਹੌਂਸਲੇ ਐਨੇ ਬੁਲੰਦ ਹਨ ਕਿ ਉਨ੍ਹਾਂ ਨੂੰ ਕੋਈ ਟੋਕਣ ਵਾਲਾ ਵੀ ਨਹੀਂ | ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਦੋ ਸਾਲਾਂ ਵਿਚ ਇਕੋ ਪਰਿਵਾਰ ਦੇ ਤਿੰਨ ਨੌਜਵਾਨ ਮੁੰਡੇ ਨਸ਼ੇ ਕਾਰਨ ਮਰ ਚੁੱਕੇ ਹਨ | ਪਿੰਡ ਦੇ ਨੌਜਵਾਨਾਂ ਨੇ ਫ਼ੈਸਲਾ ਕੀਤਾ ਕਿ ਪਿੰਡ ਦੇ ਜਿਹੜੇ ਤਿੰਨ ਚਾਰ ਮੁੱਖ ਨਸ਼ਾ ਤਸਕਰ ਹਨ, ਉਨ੍ਹਾਂ ਨੂੰ ਸੁਧਰਨ ਲਈ ਇਕ-ਦੋ ਦਿਨਾਂ ਦਾ ਸਮਾਂ ਦੇਣਗੇ | ਜੇਕਰ ਉਹ ਨਾ ਸੁਧਰੇ ਤਾਂ ਉਨ੍ਹਾਂ ਦੀਆਂ ਤਸਵੀਰਾਂ, ਨਾਂਅ ਵੱਡੇ ਪੋਸਟਰਾਂ 'ਤੇ ਲਗਾ ਕੇ ਪੂਰੇ ਪਿੰਡ ਵਿਚ ਲਗਾਏ ਜਾਣਗੇ | ਇਸੇ ਤਰ੍ਹਾਂ ਹੀ ਵਿੱਕੀ ਸਰਪੰਚ ਤੇ ਹੋਰ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਖੇ ਨੌਜਵਾਨ ਮੁੰਡੇ ਨਸ਼ਿਆਂ ਦੀ ਗਿ੍ਫ਼ਤ ਵਿਚ ਆਏ ਹੋਏ ਹਨ ਅਤੇ ਉਹ ਉਨ੍ਹਾਂ ਨੂੰ ਕੱਢਣਾ ਚਾਹੁੰਦੇ ਹਨ | ਇਸ ਲਈ ਉਨ੍ਹਾਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਵੀ ਮੰਗ ਪੱਤਰ ਵੀ ਦਿੱਤੇ ਅਤੇ ਅਪੀਲ ਵੀ ਕੀਤੀ ਕਿ ਉਹ ਇਸ ਨਸ਼ਾ ਵਿਰੋਧੀ ਕਮੇਟੀ ਦਾ ਸਾਥ ਦੇਣ | ਇਸ ਮੌਕੇ ਪੁੱਜੇ ਪੁਲਿਸ ਅਧਿਕਾਰੀ ਹਰਬੰਸ ਸਿੰਘ, ਜਗਦੀਸ਼ ਸਿੰਘ ਨੇ ਵੀ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਨਸ਼ੇ ਦੇ ਖ਼ਿਲਾਫ਼ ਜੋ ਕਮੇਟੀ ਬਣਾਈ ਹੈ, ਇਹ ਇਕ ਚੰਗਾ ਉਪਰਾਲਾ ਹੈ | ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਇਸ ਕਮੇਟੀ ਦੇ ਨਾਲ ਖੜ੍ਹਾ ਹੈ | ਜਦੋਂ ਵੀ ਕੋਈ ਪੁਲਿਸ ਨੂੰ ਕਿਸੇ ਨਸ਼ਾ ਤਸਕਰ ਬਾਰੇ ਸੂਚਨਾ ਮਿਲੇਗੀ, ਪੁਲਿਸ ਤੁਰੰਤ ਆ ਕੇ ਕਾਰਵਾਈ ਕਰੇਗੀ | ਇਸ ਤੋਂ ਇਲਾਵਾ ਪੁਲਿਸ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਕਰਵਾਇਆ ਜਾਵੇਗਾ ਅਤੇ ਉਸ ਦੀ ਪੂਰੀ ਮਦਦ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਉਮੀਦਵਾਰਾਂ ਦੇ ਦਿਲ ਦੀਆਂ ਧੜਕਣਾਂ ਤੇਜ਼, ਚੋਣ ਨਤੀਜੇ ਅੱਜ ਅਗਲੀ ਖ਼ਬਰ ਕੋਟਕਪੂਰਾ 'ਚ ਨਗਰ ਕੌਂਸਲ ਦੇ 27 ਵਾਰਡਾਂ ਲਈ 100 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ
Ad Position 24