ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਤਿੰਨ ਨਗਰ ਕੌਂਸਲਾਂ ਸ੍ਰੀ ਮੁਕਤਸਰ ਸਾਹਿਬ, ਮਲੋਟ ਤੇ ਗਿੱਦੜਬਾਹਾ ਲਈ ਹੋਈ ਵੋਟਿੰਗ ਦੇ ਨਤੀਜੇ ਅੱਜ 29 ਮਈ ਨੂੰ ਗਿਣਤੀ ਉਪਰੰਤ ਆ ਜਾਣਗੇ | ਸ੍ਰੀ ਮੁਕਤਸਰ ਸਾਹਿਬ ਦੇ 31, ਮਲੋਟ ਦੇ 27 ਅਤੇ ਗਿੱਦੜਬਾਹਾ ਦੀ 19 ਵਾਰਡਾਂ ਲਈ ਚੋਣਾਂ ਹੋਈਆਂ ਸਨ | ਜ਼ਿਲ੍ਹੇ ਦੇ ਕੁੱਲ 77 ਵਾਰਡਾਂ ਵਿਚੋਂ 436 ਉਮੀਦਵਾਰਾਂ ਦੇ ਕਾਗ਼ਜ਼ ਸਹੀ ਪਾਏ ਗਏ ਸਨ | ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਅਤੇ ਵੋਟਾਂ ਦੀ ਗਿਣਤੀ ਦਾ ਸਮਾਂ ਨੇੜੇ ਆ ਰਿਹਾ ਹੈ, ਤਿਵੇਂ-ਤਿਵੇਂ ਉਮੀਦਵਾਰਾਂ ਦੇ ਦਿਲ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਹਨ | ਜਿੱਥੇ ਵੋਟਰਾਂ ਵਲੋਂ ਬੜੀ ਉਤਸੁਕਤਾ ਨਾਲ ਚੋਣ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ, ਉੱਥੇ ਉਮੀਦਵਾਰਾਂ ਵਲੋਂ ਵੀ ਸੋਚ ਵਿਚਾਰਾਂ ਤੇ ਵੋਟਾਂ ਦਾ ਜੋੜ ਤੋੜ ਕਰਕੇ ਸਮਾਂ ਲੰਘਾਇਆ ਜਾ ਰਿਹਾ ਹੈ ਅਤੇ ਦਿਲ ਨੂੰ ਧਰਵਾਸ ਦਿੱਤਾ ਜਾ ਰਿਹਾ ਹੈ | ਜੇਕਰ ਪੋਲਿੰਗ ਪ੍ਰਤੀਸ਼ਤਤਾ ਦੀ ਗੱਲ ਕਰੀਏ ਤਾਂ ਨਗਰ ਕੌਂਸਲ ਚੋਣਾਂ ਦੀ ਵੋਟ ਪ੍ਰਤੀਸ਼ਤਤਾ ਸ੍ਰੀ ਮੁਕਤਸਰ ਸਾਹਿਬ ਵਿਖੇ 64.43 ਰਹੀ, ਮਲੋਟ ਵਿਖੇ 67.56 ਪ੍ਰਤੀਸ਼ਤ ਅਤੇ ਗਿੱਦੜਬਾਹਾ ਵਿਖੇ 71.46 ਪ੍ਰਤੀਸ਼ਤ ਵੋਟਿੰਗ ਹੋਈ | ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਸਖ਼ਤ ਗਰਮੀ ਹੋਣ ਦੇ ਬਾਵਜੂਦ ਲਗਾਤਾਰ ਚੋਣ ਪ੍ਰਚਾਰ ਕੀਤਾ ਗਿਆ | ਚੋਣ ਪ੍ਰਚਾਰ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਜਲਸਿਆਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸੰਬੋਧਨ ਕੀਤਾ ਗਿਆ | ਜਦਕਿ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਹਲਕੇ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਡਟੇ ਰਹੇ ਅਤੇ ਸਾਰੇ ਵਾਰਡਾਂ ਦਾ ਦੌਰਾ ਕਰਕੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ | ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਤੇ ਵਰਕਰ ਸਨ | ਅਕਾਲੀ ਦਲ ਵਲੋਂ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਆਪਣੀ ਟੀਮ ਨਾਲ ਲਗਾਤਾਰ ਮਿਹਨਤ ਕਰਦੇ ਰਹੇ | ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ ਜਗਮੀਤ ਸਿੰਘ ਬਰਾੜ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼ਹਿਰ ਦੇ ਸੀਨੀਅਰ ਭਾਜਪਾ ਆਗੂ ਤੇ ਵਰਕਰ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਨਜ਼ਰ ਆਏ | ਉਮੀਦਵਾਰਾਂ ਵਲੋਂ ਵੀ ਸ਼ਹਿਰ ਵਿਚ ਆਪਣੇ ਪਰਿਵਾਰਾਂ ਤੇ ਵਰਕਰਾਂ ਸਮੇਤ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕੀਤਾ ਤੇ ਵੋਟਾਂ ਮੰਗੀਆਂ | ਸਾਰੀਆਂ ਸਿਆਸੀਆਂ ਪਾਰਟੀਆਂ ਵਲੋਂ ਇਹ ਚੋਣਾਂ ਆਪਣੇ ਵੱਕਾਰ ਦਾ ਸਵਾਲ ਬਣਾ ਕੇ ਲੜੀਆਂ ਗਈਆਂ | ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ | ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਅਮਨ ਸ਼ਾਂਤੀ ਨਾਲ ਵੋਟਾਂ ਪਈਆਂ | ਹੁਣ ਚੋਣ ਨਤੀਜਿਆਂ ਨੂੰ ਲੈ ਕੇ ਵੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਗਿਣਤੀ ਵਾਲੇ ਦਿਨ ਵੀ ਅਮਨ ਸ਼ਾਂਤੀ ਬਣੀ ਰਹੇ | ਉਮੀਦਵਾਰਾਂ ਦੇ ਸਮਰਥਕਾਂ ਵਲੋਂ ਵੀ ਜਿੱਤ ਦੀ ਖ਼ੁਸ਼ੀ ਦੇ ਜਸ਼ਨ ਮਨਾਉਣ ਲਈ ਹੋਲੀ ਦੇ ਰੰਗਾਂ, ਲੱਡੂਆਂ, ਬਰਫ਼ੀ, ਪਟਾਕਿਆਂ ਤੇ ਫ਼ੁੱਲਾਂ ਦੇ ਪ੍ਰਬੰਧ ਕੀਤੇ ਗਏ ਹਨ | ਇਸ ਤੋਂ ਇਲਾਵਾ ਜੇਤੂ ਉਮੀਦਵਾਰਾਂ ਨੂੰ ਵਧਾਈ ਦੇਣ ਲਈ ਹਾਰ ਖ਼ਰੀਦੇ ਜਾ ਰਹੇ ਹਨ | ਵੱਖ-ਵੱਖ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਸ਼ਰਤਾਂ ਵੀ ਲਾਈਆਂ ਗਈਆਂ ਹਨ | ਆਪਣੇ-ਆਪਣੇ ਉਮੀਦਵਾਰਾਂ ਦੀ ਜਿੱਤ ਲਈ ਸਮਰਥਕ ਵੀ ਅਰਜੋਈਆਂ ਕਰ ਰਹੇ ਹਨ | ਸਮਰਥਕਾਂ ਵਲੋਂ ਆਪਣੇ-ਆਪਣੇ ਵਾਰਡਾਂ ਵਿਚ ਲੱਡੂ ਵੰਡਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਸ਼ਹਿਰ ਵਿਚ ਸਮਰਥਕਾਂ ਵਲੋਂ ਲੱਡੂ ਤਿਆਰ ਕਰਵਾਏ ਜਾ ਰਹੇ ਹਨ, ਜਿਸ ਕਰਕੇ ਹਲਵਾਈ ਦਿਨ-ਰਾਤ ਲੱਡੂ ਤਿਆਰ ਕਰਨ ਵਿਚ ਲੱਗੇ ਹੋਏ ਹਨ | ਸਾਲਾਸਰ ਸਵੀਟ ਹਾਊਸ ਦੇ ਮਾਲਕ ਸੋਹਨ ਲਾਲ ਨੇ ਦੱਸਿਆ ਕਿ ਚੋਣ ਨਤੀਜਿਆਂ ਕਾਰਨ ਸਪੈਸ਼ਲ ਲੱਡੂ ਬਣਾਏ ਜਾ ਰਹੇ ਹਨ ਅਤੇ ਹੋਰ ਵੱਟਣ ਦੀ ਤਿਆਰੀ ਚੱਲ ਰਹੀ ਹੈ | ਦੂਜੇ ਪਾਸੇ ਚੋਣ ਮੈਦਾਨ ਵਿਚ ਖੜ੍ਹੇ ਉਮੀਦਵਾਰ ਵੀ ਧਾਰਮਿਕ ਅਸਥਾਨਾਂ 'ਤੇ ਨਤਮਸਤਕ ਹੋ ਰਹੇ ਹਨ | 26 ਮਈ ਨੂੰ ਮਤਦਾਨ ਕਰਕੇ ਵੋਟਰਾਂ ਨੇ ਆਪਣਾ ਫ਼ੈਸਲਾ ਦੇ ਦਿੱਤਾ ਸੀ, ਜਿਸ ਫ਼ੈਸਲੇ ਦੀ ਉਡੀਕ ਦੀਆਂ ਘੜੀਆਂ ਖ਼ਤਮ ਹੋ ਗਈਆਂ ਹਨ ਅਤੇ ਅੱਜ 29 ਮਈ ਨੂੰ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋਵੇਗੀ | ਜਿਸ ਮਗਰੋਂ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਅਤੇ ਸਮਾਂ ਹੀ ਦੱਸੇਗਾ ਕਿ ਕਿਸ-ਕਿਸ ਉਮੀਦਵਾਰ ਦੇ ਸਿਰ ਕੌਂਸਲਰ ਦਾ ਤਾਜ ਸਜਦਾ ਹੈ |