ਮੋਗਾ, 28 ਮਈ (ਸੁਰਿੰਦਰਪਾਲ ਸਿੰਘ)-ਅੱਜ ਬੀ.ਕੇ.ਯੂ. ਲੱਖੋਵਾਲ ਦੇ ਜ਼ਿਲ੍ਹਾ ਦਫ਼ਤਰ ਵਿਖੇ ਸੰਯੁਕਤ ਕਿਸਾਨ ਮੋਰਚਾ ਜਥੇਬੰਦੀਆਂ ਦੀ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਬੀ.ਕੇ.ਯੂ. ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਬਲਕਰਨ ਸਿੰਘ ਢਿੱਲੋਂ, ਜ਼ਿਲ੍ਹਾ ਸੈਕਟਰੀ ਜਗਜੀਤ ਸਿੰਘ ਕੁੱਲ ਹਿੰਦ ਕਿਸਾਨ ਸਭਾ ਨੇ ਕੀਤੀ | ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ 'ਚ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਬੀ.ਕੇ.ਯੂ. ਉਗਰਾਹਾਂ, ਗੁਰਬੀਰ ਸਿੰਘ ਬੀ.ਕੇ.ਯੂ. ਰਾਜੇਵਾਲ, ਜ਼ਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਕਿਰਤੀ ਕਿਸਾਨ ਯੂਨੀਅਨ, ਜਸਵੀਰ ਸਿੰਘ ਬੁੱਕਣ ਵਾਲਾ ਕੌਮੀ ਕਿਸਾਨ ਯੂਨੀਅਨ ਦੇ ਆਗੂ ਸ਼ਾਮਿਲ ਹੋਏ | ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਨੇ ਇਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਕੀਤੇ ਜਾ ਰਹੇ ਵਾਧੇ ਅਤੇ ਬੀ.ਬੀ.ਐਮ.ਬੀ. ਬੋਰਡ ਵਿਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ ਅਨੁਸਾਰ 2 ਜੂਨ 2026 ਸੋਮਵਾਰ ਨੂੰ ਸਵੇਰੇ 11 ਵਜੇ ਤੋਂ 2 ਵਜੇ ਤੱਕ ਮੋਗਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਐਸ.ਕੇ.ਐਮ. ਦੇ ਆਗੂਆਂ ਨੇ ਕਿਹਾ ਕਿ ਪਿਛਲੇ 3 ਮਹੀਨਿਆਂ ਵਿਚ ਡੀਜ਼ਲ 12 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ | ਅੱਜ ਡੀਜ਼ਲ 98 ਰੁਪਏ ਲੀਟਰ ਨੂੰ ਪਾਰ ਕਰ ਗਿਆ ਹੈ | ਟਰੈਕਟਰ, ਟਿਊਬਵੈੱਲ, ਕੰਬਾਈਨ ਹਰ ਚੀਜ਼ ਡੀਜ਼ਲ ਨਾਲ ਚੱਲਦੀ ਹੈ | ਸਾਉਣੀ ਦੀ ਬਿਜਾਈ ਸਿਰ 'ਤੇ ਹੈ ਤੇ ਸਰਕਾਰ ਨੇ ਡੀਜ਼ਲ ਕੀਮਤਾਂ ਵਾਲਾ ਬੰਬ ਸੁੱਟ ਦਿੱਤਾ ਹੈ | ਇਕ ਕਿੱਲੇ ਝੋਨੇ ਦੀ ਲਵਾਈ ਦਾ ਖ਼ਰਚਾ 1500 ਰੁਪਏ ਵੱਧ ਗਿਆ ਹੈ | ਕੱਚੇ ਤੇਲ ਦੀਆਂ ਅੰਤਰ-ਰਾਸ਼ਟਰੀ ਕੀਮਤਾਂ ਘਟਣ ਦੇ ਬਾਵਜੂਦ ਦੇਸ਼ 'ਚ ਤੇਲ ਮਹਿੰਗਾ ਵੇਚ ਕੇ ਤੇਲ ਕੰਪਨੀਆਂ ਮੁਨਾਫ਼ਾ ਕਮਾ ਰਹੀਆਂ ਹਨ | ਡੀਜ਼ਲ 'ਤੇ ਕਿਸਾਨਾਂ ਨੂੰ ਕੋਈ ਸਬਸਿਡੀ ਨਹੀਂ ਜਦੋਂ ਕਿ ਕਾਰਪੋਰੇਟ ਘਰਾਨਿਆਂ ਨੂੰ ਹਜ਼ਾਰਾਂ ਕਰੋੜ ਦੀ ਛੋਟ ਦਿੱਤੀ ਜਾਂਦੀ ਹੈ | ਖੇਤੀ ਵਾਲੇ ਡੀਜ਼ਲ 'ਤੇ ਐਕਸਾਈਜ਼ ਤੇ ਵੈਟ ਪੂਰੀ ਤਰ੍ਹਾਂ ਮੁਆਫ਼ ਕਰ ਕੇ ਰੇਟ 50 ਰੁਪਏ ਲੀਟਰ ਤੈਅ ਕੀਤਾ ਜਾਵੇ | ਸੰਯੁਕਤ ਕਿਸਾਨ ਮੋਰਚਾ ਆਗੂਆਂ ਨੇ ਮੀਟਿੰਗ ਦੌਰਾਨ ਕਿਹਾ ਕਿ 2 ਜੂਨ ਨੂੰ ਹਰ ਡੀ.ਸੀ. ਦਫ਼ਤਰ ਅੱਗੇ ਟਰੈਕਟਰ ਟਰਾਲੀਆਂ ਸਮੇਤ ਹਜ਼ਾਰਾਂ ਕਿਸਾਨ ਪਹੁੰਚਣਗੇ | ਖ਼ਾਲੀ ਡੀਜ਼ਲ ਦੇ ਡਰੰਮ ਵਜਾ ਕੇ ਸਰਕਾਰ ਨੂੰ ਜਗਾਇਆ ਜਾਵੇਗਾ | ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਂਅ 'ਤੇ ਮੰਗ ਪੱਤਰ ਡੀ.ਸੀ. ਰਾਹੀਂ ਦਿੱਤੇ ਜਾਣਗੇ | ਇਸ ਮੌਕੇ ਜਗਸੀਰ ਸਿੰਘ ਜੱਗੀ ਬਾਘਾ ਪੁਰਾਣਾ, ਹਰਜੀਤ ਸਿੰਘ ਮਨਾਵਾਂ, ਬਲਕਰਨ ਸਿੰਘ ਢਿੱਲੋਂ, ਨਿਰਮਲ ਸਿੰਘ ਮੌਜਗੜ੍ਹ, ਸੁਰਜੀਤ ਸਿੰਘ ਮੌਜਗੜ੍ਹ, ਨਿਰਮਲ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਆਗੂ ਹਾਜ਼ਰ ਸਨ |