ਮਲੋਟ, 28 ਮਈ (ਪਾਟਿਲ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਅਹਿਮ ਮੀਟਿੰਗ ਮਨੋਹਰ ਲਾਲ ਸ਼ਰਮਾ, ਬਲਦੇਵ ਸਿੰਘ ਸਾਹੀਵਾਲ, ਵਿਕਰਮਜੀਤ ਸਿੰਘ ਸੰਧੂ, ਅਮਨਦੀਪ ਸਿੰਘ ਗਿੱਲ, ਜਸਵਿੰਦਰ ਸਿੰਘ ਥਰਾਜਵਾਲਾ, ਰਮੇਸ਼ ਵਰਮਾ ਦੀ ਅਗਵਾਈ ਹੇਠ ਸਥਾਨਕ ਪਾਰਕ ਵਿਚ ਹੋਈ | ਮੀਟਿੰਗ ਵਿਚ ਫ਼ਿਰੋਜ਼ਪੁਰ ਦੇ ਐੱਸ.ਡੀ.ਐੱਮ. ਵਲੋਂ ਅਧਿਆਪਕ ਆਗੂਆਂ ਨਾਲ ਨਗਰ ਕੌਂਸਲ ਚੋਣਾਂ ਦੌਰਾਨ ਕੀਤੀ ਗਈ ਬਦਸਲੂਕੀ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੇ ਬੇਲਗਾਮ ਅਫ਼ਸਰਸ਼ਾਹੀ ਨੂੰ ਚਿਤਾਵਨੀ ਦਿੱਤੀ ਗਈ ਕਿ ਕੌਮ ਦੇ ਨਿਰਮਾਤਾ ਨਾਲ ਅਜਿਹਾ ਵਤੀਰਾ ਸਹਿਣਯੋਗ ਨਹੀਂ ਹੋਵੇਗਾ | ਸਮੂਹ ਅਧਿਆਪਕਾਂ ਦੀਆਂ ਚੋਣ ਡਿਊਟੀਆਂ ਦੇ ਨਾਲ-ਨਾਲ ਮਰਦਸ਼ੁਮਾਰੀ ਅਤੇ ਹੋਰ ਨਸ਼ਿਆਂ ਸੰਬੰਧੀ ਬਰਾਬਰ ਡਿਊਟੀਆਂ ਲੱਗੀਆਂ ਹੋਈਆਂ ਹਨ | ਫ਼ਿਰ ਵੀ ਅਧਿਆਪਕਾਂ ਵਲੋਂ ਬੂਥਾ ਉਪਰ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਕੋਈ ਪ੍ਰਬੰਧ ਨਾ ਹੋਣ ਦੇ ਬਾਵਜੂਦ ਵੀ ਚੋਣਾਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚਾੜਿ੍ਹਆ | ਅਫ਼ਸਰਸ਼ਾਹੀ 'ਤੇ ਹੈਰਾਨਗੀ ਉਦੋਂ ਹੋਈ ਜਦੋਂ ਚੋਣ ਅਮਲੇ ਦੀ ਵਾਪਸੀ 'ਤੇ ਉਨ੍ਹਾਂ ਨੂੰ ਗੈਰ ਹਾਜ਼ਰ ਕਰਕੇ ਪਰਚੇ ਦਰਜ ਕਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ | ਇਸ ਮੌਕੇ ਗੱਲਬਾਤ ਕਰਦਿਆਂ ਅਧਿਆਪਕ ਆਗੂਆਂ ਮਨੋਹਰ ਲਾਲ ਸ਼ਰਮਾ, ਬਲਦੇਵ ਸਿੰਘ ਸਾਹੀਵਾਲ, ਅਮਨਦੀਪ ਸਿੰਘ ਗਿੱਲ, ਵਿਕਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਚੋਣ ਅਮਲ ਮਾਸਟਰਾਂ ਲਈ ਕੋਈ ਨਵਾਂ ਕੰਮ ਨਹੀਂ, ਜੋ ਕੁਝ ਫ਼ਿਰੋਜ਼ਪੁਰ ਵਾਪਰਿਆ ਅਜਿਹਾ ਕਦੇ ਨਹੀਂ ਹੋਇਆ | ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਾਸੋਂ ਮੰਗ ਕੀਤੀ ਕਿ ਅਜਿਹੀ ਬੇਲਗਾਮ ਅਫ਼ਸਰਸ਼ਾਹੀ ਉਪਰ ਸ਼ਿਕੰਜਾ ਕਸਿਆ ਜਾਵੇ, ਨਹੀਂ ਤਾਂ ਸਰਕਾਰ ਵਿਰੁੱਧ ਸੰਘਰਸ਼ ਹੋਰ ਕੀਤਾ ਜਾਵੇਗਾ | ਇਸ ਮੌਕੇ ਪਰਮਜੀਤ ਸਿੰਘ, ਮਨਜੀਤ ਸਿੰਘ ਥਾਂਦੇਵਾਲਾ, ਸੁਖਜੀਤ ਸਿੰਘ, ਨਰੇਸ਼ ਕੁਮਾਰ, ਹਰਦੀਪ ਸਿੰਘ, ਸੁਧੀਰ ਕੁਮਾਰ, ਲਛਮਨ ਦਾਸ, ਹਰਜਿੰਦਰ ਸਿੰਘ, ਹਰਬਖ਼ਸ਼ ਬਹਾਦਰ ਸਿੰਘ, ਹਰਜੀਤ ਸਿੰਘ ਬਰਾੜ, ਕਸ਼ਮੀਰ ਸਿੰਘ, ਮੰਗੂ ਸਿੰਘ, ਅਮਨਦੀਪ ਸ਼ਰਮਾ, ਲਖਵਿੰਦਰ ਸਿੰਘ ਗੁਰਵਿੰਦਰ ਸਿੰਘ ਆਲਮਵਾਲਾ, ਅਮਰਜੀਤ ਸਿੰਘ ਬੋਦੀਵਾਲਾ, ਰਮਨ ਮਹਿਤਾ, ਮਹਿੰਦਰ ਸਿੰਘ, ਅਮਨ ਖੁਰਾਣਾ, ਅਮਰ ਵਰਮਾ, ਸ਼ੇਖਰ ਤੱਪਾਖੇੜਾ, ਹਰਜਿੰਦਰ ਸਿੰਘ ਮੌੜ, ਹਰਮੀਤ ਸਿੰਘ ਹਾਜ਼ਰ ਸਨ |