ਮਲੋਟ, 28 ਮਈ (ਪਾਟਿਲ)-ਮਲੋਟ ਨਗਰ ਕੌਂਸਲ ਚੋਣਾਂ ਦੌਰਾਨ ਪੰਜਾਬ ਭਵਨ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਸੀਨੀਅਰ ਕਾਂਗਰਸੀ ਆਗੂ ਹੈਪੀ ਖੇੜਾ ਵਲੋਂ ਨਿਭਾਈ ਗਈ ਅਹਿਮ ਤੇ ਸ਼ਲਾਘਾਯੋਗ ਭੂਮਿਕਾ ਦੀ ਚਰਚਾ ਅੱਜ ਹਰ ਜ਼ੁਬਾਨ 'ਤੇ ਹੈ | ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸੌਂਪੀ ਗਈ ਇਸ ਵੱਕਾਰੀ ਤੇ ਜ਼ਿੰਮੇਵਾਰਾਨਾ ਡਿਊਟੀ ਨੂੰ ਹੈਪੀ ਖੇੜਾ ਨੇ ਬੜੀ ਬਾਖ਼ੂਬੀ ਤੇ ਸੰਜੀਦਗੀ ਨਾਲ ਨਿਭਾਇਆ ਹੈ | ਚੋਣਾਂ ਤੋਂ ਕੁਝ ਦਿਨ ਪਹਿਲਾਂ ਸਿਆਸੀ ਮਾਹੌਲ ਬੇਹੱਦ ਗਰਮਾ ਗਿਆ ਸੀ ਅਤੇ ਸਰਕਾਰੀ ਤੰਤਰ ਦਾ ਦਬਾਅ ਸਾਫ਼ ਦਿਖਾਈ ਦੇ ਰਿਹਾ ਸੀ | ਅਜਿਹੇ ਨਾਜ਼ੁਕ ਤੇ ਤਣਾਅਪੂਰਨ ਹਾਲਾਤ ਵਿਚ ਰਾਜਾ ਵੜਿੰਗ ਨੇ ਹੈਪੀ ਖੇੜਾ ਨੂੰ ਇਕ ਸਖ਼ਤ ਇਮਤਿਹਾਨ ਵਿਚ ਪਾਇਆ ਸੀ | ਬੇਸ਼ੱਕ ਕੁਝ ਵਾਰਡਾਂ ਵਿਚ ਸਿਆਸੀ ਪਾਰਾ ਕਾਫ਼ੀ ਉਪਰ ਚਲਾ ਗਿਆ, ਪਰ ਹੈਪੀ ਖੇੜਾ ਦੀ ਪ੍ਰਤੱਖ ਬੁੱਧੀ, ਲੰਮੇ ਸੰਗਠਨਾਤਮਕ ਤਜ਼ਰਬੇ ਅਤੇ ਵਰਕਰਾਂ ਨੂੰ ਪਿਆਰ ਨਾਲ ਦਿੱਤੀਆਂ ਹਦਾਇਤਾਂ ਸਦਕਾ ਸ਼ਹਿਰ ਵਿਚ ਕੋਈ ਵੀ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ | ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਹੈਪੀ ਖੇੜਾ ਕੋਲ ਉਹ ਪ੍ਰਬੰਧਕੀ ਕੁਸ਼ਲਤਾ ਤੇ ਸਿਆਸੀ ਤਜ਼ਰਬਾ ਹੈ | ਉਨ੍ਹਾਂ ਦੀ ਮੌਜੂਦਗੀ ਨੇ ਨਾ ਸਿਰਫ਼ ਵਰਕਰਾਂ, ਸਗੋਂ ਪ੍ਰਸ਼ਾਸਨ ਦੇ ਤਣਾਅ ਨੂੰ ਵੀ ਘੱਟ ਕੀਤਾ | ਮਲੋਟ ਚੋਣਾਂ ਦੌਰਾਨ ਜੇਕਰ ਰਾਜਾ ਵੜਿੰਗ ਵਲੋਂ ਉਨ੍ਹਾਂ ਦੀ ਤਾਇਨਾਤੀ ਨਾ ਕੀਤੀ ਗਈ ਹੁੰਦੀ, ਤਾਂ ਚੋਣ ਅਮਲ ਵਿਚ ਵਿਘਨ ਪੈਣਾ ਲਗਪਗ ਤਹਿ ਸੀ | ਉਨ੍ਹਾਂ ਜਿੱਥੇ ਪਿਆਰ ਨਾਲ ਵਰਕਰਾਂ ਵਿਚ ਜੋਸ਼ ਭਰਿਆ, ਉੱਥੇ ਹੀ ਲੋੜ ਪੈਣ 'ਤੇ ਅਨੁਸ਼ਾਸਨ ਕਾਇਮ ਰੱਖਣ ਲਈ ਤਿੱਖੇ ਤੇਵਰ ਵੀ ਦਿਖਾਏ | ਉਨ੍ਹਾਂ ਦੀ ਬੇਮਿਸਾਲ ਮਕਬੂਲੀਅਤ ਦਾ ਆਲਮ ਇਹ ਰਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਅਜਿਹਾ ਕੋਈ ਪਿੰਡ ਨਹੀਂ ਸੀ, ਜਿੱਥੋਂ ਦੇ ਕਾਂਗਰਸੀ ਵਰਕਰਾਂ ਨੇ ਖੇੜਾ ਦੇ ਦਫ਼ਤਰ ਵਿਚ ਹਾਜ਼ਰੀ ਨਾ ਭਰੀ ਹੋਵੇ | ਇਸੇ ਦੌਰਾਨ ਹੈਪੀ ਖੇੜਾ ਵਲੋਂ ਇਸ ਨਾਜ਼ੁਕ ਜ਼ਿੰਮੇਵਾਰੀ ਨੂੰ ਬੜੇ ਸੁਚੱਜੇ ਤੇ ਬੇਦਾਗ਼ ਢੰਗ ਨਾਲ ਨਿਭਾਉਣ ਬਦਲੇ ਸ਼ਹਿਰ ਦੇ ਸਮੂਹ ਕਾਂਗਰਸੀਆਂ, ਮੁਹਤਬਰ ਆਗੂਆਂ ਤੇ ਪਤਵੰਤੇ ਸੱਜਣਾਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾ ਰਿਹਾ ਹੈ |