ਫ਼ਰੀਦਕੋਟ, 31 ਮਈ (ਜਸਵੰਤ ਸਿੰਘ ਪੁਰਬਾ)-ਨਗਰ ਕੌਂਸਲ ਫ਼ਰੀਦਕੋਟ ਦੇ ਚੋਣ ਨਤੀਜਿਆਂ ਤੋਂ ਬਾਅਦ ਰਾਜਸੀ ਪਾਰਟੀਆਂ ਵਲੋਂ ਇੱਥੋਂ ਦੀ ਪ੍ਰਧਾਨਗੀ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਹਨ | ਸ਼ਹਿਰ ਦੇ 25 ਵਾਰਡਾਂ ਵਿਚੋਂ ਵਾਰਡ ਨੰ: 20 ਤੋਂ ਪਹਿਲਾਂ ਹੀ ਬਿਨਾਂ ਮੁਕਾਬਲਾ ਆਜ਼ਾਦ ਉਮੀਦਵਾਰ ਜੇਤੂ ਹੋ ਗਿਆ ਸੀ | 24 ਵਾਰਡਾਂ ਦੀ ਹੋਈ ਚੋਣ ਵਿਚੋਂ 9 ਸੀਟਾਂ ਆਮ ਆਦਮੀ ਪਾਰਟੀ, 8 ਸੀਟਾਂ ਕਾਂਗਰਸ ਅਤੇ 7 ਸੀਟਾਂ 'ਤੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਜੇਤੂ ਰਿਹਾ | ਜਦੋਂ ਕਿ ਪ੍ਰਧਾਨਗੀ ਲਈ ਆਮ ਆਦਮੀ ਪਾਰਟੀ ਕੋਲ ਵਿਧਾਇਕ ਸਮੇਤ 14 ਕੌਂਸਲਰਾਂ ਦੀ ਲੋੜ ਹੈ | ਜਿਹੜੇ ਕਿ ਹਾਲ ਦੀ ਘੜੀ ਅਜੇ ਪੂਰੇ ਨਹੀਂ ਹਨ | ਰਾਜਸੀ ਪਾਰਟੀਆਂ ਨੂੰ ਇਸ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਨੋਟੀਫ਼ਿਕੇਸ਼ਨ ਦਾ ਵੀ ਇੰਤਜ਼ਾਰ ਹੈ | ਇਸ ਨੋਟੀਫਿਕੇਸ਼ਨ ਲਈ ਮਹੀਨੇ ਤੋਂ ਡੇਢ ਮਹੀਨੇ ਦਾ ਸਮਾਂ ਲੱਗ ਸਕਦਾ ਹੈ | ਉਸ ਤੋਂ ਬਾਅਦ ਹੀ ਪ੍ਰਧਾਨਗੀ ਲਈ ਚੋਣ ਪ੍ਰੀਕ੍ਰਿਆ ਸ਼ੁਰੂ ਹੋ ਸਕਦੀ ਹੈ | ਹਾਲ ਦੀ ਘੜੀ ਸਿਆਸੀ ਪਾਰਟੀਆਂ ਵਲੋਂ ਆਪਸੀ ਬਿਆਨਬਾਜ਼ੀ ਆਰੰਭ ਹੋ ਚੁੱਕੀ ਹੈ | ਸ਼ੋ੍ਰਮਣੀ ਅਕਾਲੀ ਦਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਪ੍ਰਧਾਨਗੀ ਮੁੱਦੇ 'ਤੇ ਸੰਵਿਧਾਨਕ ਤੌਰ 'ਤੇ ਦੋਨਾਂ ਪਾਰਟੀਆਂ ਨਾਲ ਗੱਠਜੋੜ ਨਹੀਂ ਕਰਨਗੇ | ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸੱਤਾਧਾਰੀ ਪਾਰਟੀ ਨੇ ਕਾਗਜ਼ ਭਰਨ ਤੋਂ ਵੋਟ ਨਤੀਜਿਆਂ ਤੱਕ ਜਿਹੜੀ ਧੱਕੇਸ਼ਾਹੀ ਵਿਰੋਧੀਆਂ ਨਾਲ ਕੀਤੀ ਹੈ ਉਹ ਇਸ ਨੂੰ ਲੋਕਤੰਤਰ ਤੌਰ 'ਤੇ ਜਾਇਜ਼ ਨਹੀਂ ਮੰਨਦੇ | ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨਗੀ ਲਈ 'ਆਪ' ਨਾਲ ਕਾਂਗਰਸ ਇੰਡੀਆ ਗੱਠਜੋੜ ਦੇ ਤਹਿਤ ਰਲ ਸਕਦੀ ਹੈ | ਇਸ 'ਤੇ ਜਵਾਬ ਦਿੰਦਿਆਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਪਰਮਬੰਸ ਸਿੰਘ ਰੋਮਾਣਾ ਨੂੰ ਵੀ ਕਹਿ ਦਿੱਤਾ ਹੈ ਕਿ ਜੇਕਰ ਸ਼ੋ੍ਰਮਣੀ ਅਕਾਲੀ ਦਲ ਕਾਂਗਰਸ ਨਾਲ ਰਲ ਕੇ ਪ੍ਰਧਾਨਗੀ ਚੋਣ ਲੜਨਾ ਚਾਹੁੰਦੇ ਹਨ ਤਾਂ ਉਹ ਇਸਦੀ ਪੇਸ਼ਕਸ਼ ਕਰਦੇ ਹਨ | ਉਨ੍ਹਾਂ ਨਾਲ ਇਹ ਵੀ ਕਿਹਾ ਕਿ ਪ੍ਰਧਾਨ ਕਾਂਗਰਸ ਪਾਰਟੀ ਦਾ ਹੀ ਹੋਵੇਗਾ | ਜਦੋਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਇਸ ਮਾਮਲੇ 'ਤੇ ਅਜੇ ਚੁੱਪ ਹਨ | ਉਨ੍ਹਾਂ ਨੇ ਫ਼ਿਲਹਾਲ ਫ਼ਰੀਦਕੋਟ ਦੇ ਵੋਟਰਾਂ ਦਾ ਹੀ ਧੰਨਵਾਦ ਕੀਤਾ ਹੈ | ਆਮ ਆਦਮੀ ਪਾਰਟੀ ਦੇ ਚੁਣੇ ਹੋਏ ਕੌਂਸਲਰਾਂ ਨੇ ਪ੍ਰਧਾਨਗੀ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ | ਇੱਥੋਂ ਦੀ ਪ੍ਰਧਾਨਗੀ ਕਿਸੇ ਵਰਗ ਦੇ ਹਿੱਸੇ ਆਉਂਦੀ ਹੈ | ਉਹ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਹੀ ਸਾਹਮਣੇ ਆਵੇਗਾ | ਫ਼ਿਲਹਾਲ ਫ਼ਰੀਦਕੋਟ ਵਾਸੀ ਸ਼ਹਿਰ ਦੇ ਵਿਕਾਸ ਲਈ ਉਤਸੁਕ ਹਨ ਕਿ ਜਲਦੀ ਤੋਂ ਜਲਦੀ ਨਵੀਂ ਨਗਰ ਕੌਂਸਲ ਦੀ ਸਥਾਪਤੀ ਹੋਵੇ ਤਾਂ ਜੋ ਸ਼ਹਿਰ ਅੰਦਰ ਵਿਕਾਸ ਤੇ ਸਫ਼ਾਈ ਦਾ ਪ੍ਰਬੰਧ ਸੁਚੱਜੇ ਢੰਗ ਸ਼ੁਰੂ ਹੋ ਸਕੇ |