ਨਿਹਾਲ ਸਿੰਘ ਵਾਲਾ, 31 ਮਈ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਪੱਤੋ ਹੀਰਾ ਸਿੰਘ ਦੇ ਇੱਕ ਨੌਜਵਾਨ ਵਿਅਕਤੀ ਦੀ ਭੇਦ ਭਰੇ ਹਾਲਾਤ 'ਚ ਮੌਤ ਹੋਣ ਜਾਣ 'ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਵਲੋਂ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਨਿਹਾਲ ਸਿੰਘ ਵਾਲਾ ਦੇ ਡੀ.ਐਸ.ਪੀ. ਅਨਵਰ ਅਲੀ ਅਤੇ ਥਾਣਾ ਥਾਣਾ ਮੁੱਖ ਅਫ਼ਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਢਿੱਲੇ ਪੱਤੀ ਖੋਟੇ ਰੋਡ ਪੱਤੋ ਹੀਰਾ ਸਿੰਘ ਨੇ ਪੁਲਿਸ ਨੂੰ ਲਿਖਾਏ ਆਪਣੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਲੜਕਾ ਆਕਾਸ਼ਦੀਪ ਸਿੰਘ ਉਰਫ਼ ਅਕਾਸ਼ (23 ਸਾਲ) ਜੋ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਮਾੜੀ ਸੰਗਤ 'ਚ ਪੈਣ ਕਾਰਨ ਨਸ਼ੇ ਕਰਨ ਲੱਗ ਪਿਆ ਸੀ | ਜਿਸ ਨੂੰ ਕੁਝ ਸਮਾਂ ਪਹਿਲਾਂ ਨਸ਼ਾ ਛਡਾਊ ਕੇਂਦਰ 'ਚ ਦਾਖਲ ਕਰਵਾ ਦਿੱਤਾ ਸੀ | ਜੋ ਹੁਣ ਵਾਪਸ ਘਰ ਆ ਗਿਆ ਸੀ ਤੇ ਨਸ਼ੇ ਛੱਡ ਚੁੱਕਾ ਸੀ ਤੇ ਮੇਰੇ ਨਾਲ ਮਿਹਨਤ ਮਜ਼ਦੂਰੀ ਕਰਦਾ ਸੀ | ਉਸ ਨੇ ਦੱਸਿਆ ਕਿ 24 ਮਈ ਨੂੰ ਦੁਪਹਿਰ ਦੇ ਸਮੇਂ ਸਾਡੇ ਆਂਢ ਗੁਆਂਢ ਦਾ ਲੜਕਾ ਅਰਸ਼ਦੀਪ ਸਿੰਘ ਉਰਫ਼ ਅਰਸ਼ ਪੁੱਤਰ ਇਕਬਾਲ ਸਿੰਘ ਉਰਫ਼ ਕਆਲਾ ਮੇਰੇ ਲੜਕੇ ਨੂੰ ਗੁਰਦੁਆਰਾ ਸਾਹਿਬ ਤੋ ਬੁਲਾ ਕੇ ਜਸਪ੍ਰੀਤ ਸਿੰਘ ਉਰਫ਼ ਜੱਸੀ ਪੁੱਤਰ ਸਵ: ਕੁਲਦੀਪ ਸਿੰਘ ਦੇ ਘਰ ਲੈ ਗਿਆ | ਜਿੱਥੇ ਉਨ੍ਹਾਂ ਵਲੋਂ ਕੁਝ ਹੋਰ ਵਿਅਕਤੀਆਂ ਨਾਲ ਰਲ ਕੇ ਮੇਰੇ ਲੜਕੇ ਆਕਾਸ਼ਦੀਪ ਸਿੰਘ ਉਰਫ਼ ਅਕਾਸ਼ ਨੂੰ ਕੋਈ ਜ਼ਹਿਰੀਲੀ/ਨਸ਼ੀਲੀ ਚੀਜ਼ ਦੇ ਦਿੱਤੀ | ਜਿਸ ਕਾਰਨ ਉਹ ਬੇਹੋਸ਼ ਹੋ ਗਿਆ | ਜਦੋਂ ਇਸ ਸਬੰਧੀ ਸਾਨੂੰ ਪਤਾ ਲੱਗਿਆ ਤਾਂ ਅਸੀਂ ਮੇਰੇ ਲੜਕੇ ਆਕਾਸ਼ਦੀਪ ਸਿੰਘ ਉਰਫ਼ ਅਕਾਸ਼ ਨੂੰ ਮੈਡੀਸਿਟੀ ਹਸਪਤਾਲ ਮੋਗਾ ਦਾਖਲ ਕਰਵਾਇਆ ਜਿੱਥੇ ਡਾਕਟਰ ਸਾਹਿਬ ਵਲੋਂ ਕੁੱਝ ਦਿਨ ਇਲਾਜ ਕਰਨ ਤੋਂ ਬਾਅਦ ਏਮਜ਼ ਹਸਪਤਾਲ ਬਠਿੰਡਾ ਰੈਫ਼ਰ ਕਰ ਦਿੱਤਾ | ਉੱਥੇ ਇਲਾਜ ਦੌਰਾਨ ਉਸ ਦੀ ਬੀਤੇ ਦਿਨੀਂ ਮੌਤ ਹੋ ਗਈ | ਇਸ ਮਾਮਲੇ ਨੂੰ ਲੈ ਕੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਵਲੋਂ ਅਰਸ਼ਦੀਪ ਸਿੰਘ ਉਰਫ਼ ਅਰਸ਼ ਪੁੱਤਰ ਇਕਬਾਲ ਸਿੰਘ ਉਰਫ਼ ਕਆਲਾ, ਜਸਪ੍ਰੀਤ ਸਿੰਘ ਉਰਫ਼ ਜੱਸੀ ਪੁੱਤਰ ਸਵ:ਕੁਲਦੀਪ ਸਿੰਘ, ਆਕਾਸ਼ਦੀਪ ਸਿੰਘ ਉਰਫ਼ ਭੂੰਡੀ ਪੁੱਤਰ ਗੁਰਬਚਨ ਸਿੰਘ, ਲਵਪ੍ਰੀਤ ਸਿੰਘ ਉਰਫ਼ ਲਵੀ ਪੁੱਤਰ ਸਿਮਰਜੀਤ ਸਿੰਘ, ਗੁਰਮਨ ਸਿੰਘ ਪੁੱਤਰ ਕਮਲ ਸਿੰਘ ਉਰਫ਼ ਟਾਟੂ ਵਾਸੀਆਨ ਪੱਤੋ ਹੀਰਾ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ |