ਸ੍ਰੀ ਮੁਕਤਸਰ ਸਾਹਿਬ, 11 ਜੂਨ (ਰਣਜੀਤ ਸਿੰਘ ਢਿੱਲੋਂ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.) ਵਲੋਂ ਅੱਜ ਮੇਨ ਵਾਟਰ ਵਰਕਸ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪੱਧਰ 'ਤੇ ਪੰਜਾਬ ਸਰਕਾਰ ਦੀ ਅਰਥੀ ਫ਼ੂਕੀ ਗਈ ਹੈ | ਇਸ ਸੰਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਚਾਰ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਭੱਟੀ, ਜ਼ਿਲ੍ਹਾ ਜਨਰਲ ਸਕੱਤਰ ਸੁਰਜੀਤ ਸਿੰਘ ਤੱਖੀ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਬਿਕਰਮਜੀਤ ਸਿੰਘ ਕਪੂਰ ਨੇ ਦੱਸਿਆ ਕਿ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਯੂਨੀਅਨ ਦੇ ਨਾਲ ਮੰਗਾਂ-ਮਸਲਿਆਂ ਦਾ ਹੱਲ ਕਰਨ ਲਈ 11 ਜੂਨ ਨੂੰ ਮੀਟਿੰਗ ਚੰਡੀਗੜ੍ਹ ਵਿਖੇ ਤਹਿ ਹੋਈ ਸੀ, ਪਰ ਇਹ ਮੀਟਿੰਗ ਕੈਂਸਲ ਕਰ ਦਿੱਤੀ ਗਈ ਹੈ, ਜਿਸ ਦੇ ਕਾਰਨ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ 16 ਜੂਨ ਨੂੰ ਸਬ ਕਮੇਟੀ ਦੇ ਨਾਲ ਹੋਣ ਵਾਲੀ ਇਸ ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਜਲ ਸਪਲਾਈ ਵਿਭਾਗ 'ਚ ਸੇਵਾਵਾਂ ਦੇ ਰਹੇ ਇਨਲਿਸਟਮੈਂਟ ਵਰਕਰਾਂ ਨੂੰ ਵਿਭਾਗ 'ਚ ਮਰਜ਼ ਕਰਕੇ ਈ.ਪੀ.ਐੱਫ਼. ਅਤੇ ਈ.ਐੱਸ.ਆਈ.ਸੀ. ਵਰਗੀਆਂ ਤਮਾਮ ਸਹੂਲਤਾਂ ਦੇਣ ਵਾਲੀ ਪਾਲਸੀ ਅਧੀਨ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ ਲਈ ਫ਼ੈਸਲਾ ਨਹੀਂ ਕੀਤਾ ਗਿਆ ਜਾਂ ਫ਼ਿਰ ਇਹ ਮੀਟਿੰਗ ਸਬ ਕਮੇਟੀ ਵਲੋਂ ਕੈਂਸਲ ਕੀਤੀ ਜਾਂਦੀ ਹੈ ਤਾਂ ਯੂਨੀਅਨ ਵਲੋਂ 18 ਜੂਨ ਨੂੰ ਪਟਿਆਲਾ ਵਿਖੇ ਵੱਡਾ ਇਕੱਠ ਕਰਕੇ ਲਗਾਤਾਰ ਚੱਲ ਰਹੇ ਪੱਕੇ ਮੋਰਚੇ ਨੂੰ ਹੋਰ ਤਿੱਖਾ ਕੀਤਾ ਜਾਵੇਗਾ |