ਸ੍ਰੀ ਮੁਕਤਸਰ ਸਾਹਿਬ, 11 ਜੂਨ (ਹਰਮਹਿੰਦਰ ਪਾਲ)-ਡਾ. ਪਰਮਜੀਤ ਢੀਂਗਰਾ ਦੀ ਵਾਰਤਿਕ ਪੁਸਤਕ 'ਜਿਥੇ ਲਿਖ਼ਤ ਸਾਹ ਲੈਂਦੀ ਹੈ' ਨੂੰ ਬੀਤੇ ਦਿਨੀਂ ਸਾਹਿਤਕ ਸੱਥ ਤੇ ਸਾਹਿਤ ਸਭਾ ਵਲੋਂ ਲੋਕ ਅਰਪਣ ਕੀਤਾ ਗਿਆ | ਲੋਕ ਅਰਪਣ ਦੀ ਰਸਮ ਡਾ. ਢੀਂਗਰਾ, ਭੁਪਿੰਦਰ ਕੌਰ ਪ੍ਰੀਤ, ਗੁਰਜੀਤ ਐਮੀ, ਗੁਰਸੇਵਕ ਸਿੰਘ ਪ੍ਰੀਤ ਅਤੇ ਰਣਜੀਤ ਸਿੰਘ ਥਾਂਦੇਵਾਲਾ ਨੇ ਅਦਾ ਕੀਤੀ | 'ਰੀਥਿੰਕ ਬੁਕਸ' ਵਲੋਂ ਪ੍ਰਕਾਸ਼ਿਤ ਆਪਣੀ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਡਾ. ਢੀਂਗਰਾ ਨੇ ਦੱਸਿਆ ਕਿ ਇਸ ਪੁਸਤਕ ਵਿਚ ਮਨ ਅੰਦਰ ਉਠਦੇ ਸਵਾਲਾਂ ਨੂੰ ਸ਼ਬਦਾਂ ਦਾ ਰੂਪ ਦਿੱਤਾ ਗਿਆ ਹੈ | ਪ੍ਰਕਾਸ਼ਿਕ ਡਾ. ਪਰਮਿੰਦਰ ਸਿੰਘ ਸ਼ੌਂਕੀ ਨੇ ਲਿਖਿਆ ਹੈ ਕਿ ਇਸ ਕਿਤਾਬ ਵਿਚ ਰਹੱਸ ਕਿਸੇ ਭੇਤ ਵਾਂਗ ਲੁਕਿਆ ਨਹੀਂ, ਇਹ ਤਾਂ ਸਾਹ ਵਾਂਗ ਹਰ ਪੰਨੇ ਵਿਚ ਰਚਿਆ ਹੋਇਆ ਹੈ | ਭੁਪਿੰਦਰ ਪ੍ਰੀਤ ਨੇ ਡਾ. ਢੀਂਗਰਾ ਵਲੋਂ ਲਗਾਤਾਰ ਤੇ ਸਾਰਥਿਕ ਲਿਖੇ ਜਾਣ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ |